ਫਾਈਲ ਫੋਟੋ
ਬੰਗਾ, 17 ਜਨਵਰੀ, 2017 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ। ਅੱਜ ਸ਼ਾਮ 5 ਵਜੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਬੰਗਾ ਸਥਿਤ ਘਰ ਮੁਲਾਕਾਤ ਕਰਨ ਜਾ ਰਹੇ ਹਨ। ਇਸ ਸਬੰਧੀ ਸੁਖਦੇਵ ਸਿੰਘ ਭੌਰ ਨੇ ਖੁਦ ਇਹ ਜਾਣਕਾਰੀ ਆਪਣੇ ਫੇਸਬੁਕ ਅਕਾਊਂਟ ‘ਤੇ ਪੋਸਟ ਪਾ ਕੇ ਸਭ ਨੂੰ ਇਸ ਸਮੇਂ ਆਪਣੇ ਘਰ ਆਉਣ ਦਾ ਸੱਦਾ ਵੀ ਦਿੱਤਾ ਹੈ। ਐਸ.ਜੀ.ਪੀ.ਸੀ. ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਦੋਸ਼ੀ ਨਾ ਫੜੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਪਰ ਅਕਾਲੀ ਸਰਕਾਰ ਨੇ ਹਾਲੇ ਤੱਕ ਇਹ ਮਾਮਲਾ ਨੂੰ ਠੰਢੇ ਬਸਤੇ ਵਿੱਚ ਪਾ ਰੱਖਿਆ ਹੈ।
ਇਨ੍ਹਾਂ ਕੋਲ ਹੋਰ ਕੋਈ ਬਦਲ ਨਾ ਦੇਖ ਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ ਹੈ ਪਰ ਉਨ੍ਹਾਂ ਨੂੰ ਅਹੁਦੇ ਦੀ ਕੋਈ ਭੁੱਖ ਨਹੀਂ। ਸੁਖਦੇਵ ਸਿੰਘ ਭੌਰ ਟਕਸਾਲੀ ਅਕਾਲੀ ਆਗੂ ਸਨ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਸੀ। ਸੁਖਦੇਵ ਸਿੰਘ ਭੌਰ ਦਾ ਆਪਣੇ ਇਲਾਕੇ ਵਿੱਚ ਕਾਫੀ ਆਧਾਰ ਹੈ। ਉਨ੍ਹਾਂ ਮੁਤਾਬਕ ‘ਆਪ’ ਵਿੱਚ ਸ਼ਾਮਲ ਹੋਣ ਨਾਲ ਇਲਾਕੇ ਦੇ ਤਕਰੀਬਨ 8000 ਵੋਟਰ ਵੀ ‘ਆਪ’ ਉਮੀਦਵਾਰ ਨੂੰ ਹੀ ਵੋਟ ਦੇਣਗੇ। ਬੰਗਾ ਵਿਧਾਨ ਸਭਾ ਤੋਂ ‘ਆਪ’ ਵੱਲੋਂ ਹਰਜੋਤ ਕੌਰ, ਅਕਾਲੀ ਦਲ ਵੱਲੋਂ ਡਾ. ਸੁਖਵਿੰਦਰ ਸੁੱਖੀ ਤੇ ਕਾਂਗਰਸ ਦੇ ਸਤਨਾਮ ਸਿੰਘ ਕੈਂਥ ਚੋਣ ਮੈਦਾਨ ਵਿੱਚ ਹਨ।