ਬਿਸ਼ਕੇਕ, 16 ਜਨਵਰੀ, 2017 : ਤੁਰਕੀ ਏਅਰਲਾਈਨਜ਼ ਦਾ ਇੱਕ ਮਾਲ ਵਾਹਕ ਜਹਾਜ਼ (ਸਮਾਨ ਢੋਣ ਵਾਲਾ ਜਹਾਜ਼) ਕਿਰਗਿਸਤਾਨ 'ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 37 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਜਹਾਜ਼ ਰਾਜਧਾਨੀ ਬਿਸ਼ਕੇਕ ਦੇ ਮਾਨਸ ਹਵਾਈ ਅੱਡੇ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਸੰਘਣੀ ਧੁੰਦ ਕਾਰਨ ਇਹ ਰਿਹਾਇਸ਼ੀ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ। ਦੇਸ਼ ਦੇ ਸੰਕਟਕਾਲੀ ਸੇਵਾ ਮੰਤਰਾਲੇ ਦੇ ਬੁਲਾਰੇ ਮੁਹੰਮਦ ਸਵਾਰੋਵ ਨੇ ਦੱਸਿਆ ਕਿ ਮਾਰੇ ਜਾਣ ਵਾਲੇ ਲੋਕਾਂ 'ਚੋਂ ਵਧੇਰੇ ਨਜ਼ਦੀਕੀ ਪਿੰਡ ਡਚਾ-ਸੂ ਦੇ ਹਨ, ਜਿੱਥੇ ਜਹਾਜ਼ ਸਥਾਨਕ ਸਮੇਂ ਮਾਤਬਕ ਸਵੇਰੇ 7.30 ਵਜੇ ਦੁਰਘਟਨਾਗ੍ਰਸਤ ਹੋਇਆ। ਇਨ੍ਹਾਂ 'ਚ ਛੇ ਬੱਚੇ ਵੀ ਸ਼ਾਮਲ ਹਨ। ਹਾਦਸੇ 'ਚ ਕਰੀਬ 43 ਘਰਾਂ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਸੰਖਿਆ ਵਧ ਸਕਦੀ ਹੈ। ਸ਼੍ਰੀ ਸਵਾਰੋਵ ਮੁਤਾਬਕ ਅਧਿਕਾਰੀਆਂ ਨੇ ਵੱਡੇ ਪੱਧਰ 'ਤੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੋਇੰਗ 747 ਨਾਮੀ ਇਸ ਜਹਾਜ਼ ਹਾਂਗਕਾਂਗ ਤੋਂ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਰਾਹੀਂ ਇਸਤਾਂਬੁਲ ਜਾ ਰਿਹਾ ਸੀ। ਸਿਹਤ ਮੰਤਰਾਲੇ ਨੇ ਦੱਸਿਆ ਕਿ ਹਾਦਸੇ 'ਚ ਚਾਰ ਪਾਇਲਟ ਵੀ ਮਾਰੇ ਗਏ ਹਨ, ਜਦੋਂਕਿ ਇੱਕ ਪਾਇਲਟ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ। ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਦੇ ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਮੌਕੇ 'ਤੇ ਮੌਜੂਦ ਇੱਕ ਵਿਅਕਤੀ ਨੇ ਪੱਤਰਕਾਰਾਂ ਨੂੰ ਦੱਸਿਆ, 'ਜਿਨ੍ਹਾਂ ਘਰਾਂ 'ਤੇ ਜਹਾਜ਼ ਡਿੱਗਿਆ, ਉੱਥੇ ਰਹਿਣ ਵਾਲੇ ਪੂਰੇ-ਪੂਰੇ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਏ।' ਉਸ ਨੇ ਦੱਸਿਆ, 'ਘਰਾਂ 'ਚ ਕੁਝ ਨਹੀਂ ਬਚਿਆ ਹੈ। ਲੋਕ ਆਪਣੇ ਬੱਚਿਆਂ, ਪੂਰੇ ਪਰਿਵਾਰ ਦੇ ਨਾਲ ਮਾਰੇ ਗਏ ਹਨ। ਕਈ ਲੋਕ ਸੌਂ ਰਹੇ ਸਨ।' ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦਾ ਮਾਨਸ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ ਅਤੇ ਸ਼ਾਮ ਤੱਕ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਕਾਰ ਨੇ ਇੱਕ ਬਿਆਨ 'ਚ ਕਿਹਾ ਕਿ ਉਪ ਪ੍ਰਧਾਨ ਮੰਤਰੀ ਮੋਓਖੱਮੇਟਕਲੀ ਅਤੇ ਸੰਕਟਕਾਲੀ ਸਥਿਤੀਆਂ ਅਤੇ ਆਵਾਜਾਈ ਮੰਤਰਾਲੇ ਦੇ ਮੰਤਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਕਿਰਗਿਸਤਾਨ ਦੇ ਮੀਡੀਆ ਮੁਤਾਬਕ ਦੇਸ਼ ਦੇ ਰਾਸ਼ਟਰਪਤੀ ਅਲਮਾਜਬੇਕ ਅਤਾਮਬਏਵ ਨੇ ਬਿਸ਼ਕੇਕ ਆਉਣ ਲਈ ਆਪਣਾ ਚੀਨ ਦੌਰਾ ਰੱਦ ਕਰ ਦਿੱਤਾ ਹੈ।