ਮੋਗਾ, 2 ਜਨਵਰੀ, 2017 : 'ਨਿਆਂ ਸਭਨਾਂ ਲਈ ' ਦੇ ਅਰਥ ਨੂੰ ਸਾਰਥਿਕ ਕਰਦੇ ਹੋਏ ਮਾਣਯੋਗ ਸ੍ਰੀ ਐਸ.ਕੇ.ਗਰਗ, ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਪ੍ਰਧਾਨਗੀ ਹੇਠ ਮਿਤੀ 7 ਜਨਵਰੀ ਅਤੇ ਮਿਤੀ 9 ਜਨਵਰੀ, 2017 ਨੂੰ ਪੈਰਾ-ਲੀਗਲ ਵਲੰਟੀਅਰ ਦੀ ਨਿਯੁਕਤੀ ਸਬੰਧੀ ਇੰਟਰਵਿਊ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਦੱਸਿਆ ਕਿ ਇਹ ਪੈਰਾ-ਲੀਗਲ ਵਲੰਟੀਅਰ, ਲੋੜਵੰਦ ਵਿਅਕਤੀਆਂ ਜਿਵੇ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਦੇ ਮੈਂਬਰ, ਬੇਗਾਰ ਦਾ ਮਾਰਿਆ, ਉਦਯੋਗਿਕ ਕਾਮੇ, ਇਸਤਰੀ/ਬੱਚਾ, ਹਿਰਾਸਤ ਵਿੱਚ, ਮਾਨਸਿਕ ਰੋਗੀ/ਅਪੰਗ, ਜਾਂ ਕੋਈ ਐਸਾ ਵਿਅਕਤੀ ਜਿਸ ਦੀ ਸਾਲਾਨਾ ਆਮਦਨ 1.50 ਲੱਖ ਰੁਪਏ ਤੋਂ ਘੱਟ ਹੋਵੇ ਆਦਿ ਅਤੇ ਨਾਲਸਾ ਸਕੀਮਾਂ ਬਾਰੇ ਜਾਣਕਾਰੀ ਦੇਣ ਹਿਤ ਪ੍ਰਚਾਰ ਕਰਨਗੇ। ਉਨ੍ਹਾਂ ਦੱਸਿਆ ਕਿ ਪੈਰਾ-ਲੀਗਲ ਵਲੰਟੀਅਰ ਦੀ ਨਿਯੁਕਤੀ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਲੈਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲ੍ਹਾ ਕਚਿਹਰੀਆਂ, ਮੋਗਾ ਦੇ ਦਫ਼ਤਰ 'ਚ ਸੰਪਰਕ ਕੀਤਾ ਜਾ ਸਕਦਾ ਹੈ।