ਚੰਡੀਗੜ, 19 ਅਕਤੂਬਰ, 2016 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੁਧਿਆਣਾ ਫੇਰੀ ਦੌਰਾਨ ਮੋਦੀ ਵਲੋਂ ਪੰਜਾਬ ਲਈ ਕੋਈ ਆਰਥਿਕ ਪੈਕੇਜ ਨਾ ਐਲਾਨਣ ਅਤੇ ਸੂਬੇ ਨੂੰ ਇਕ ਵਾਰ ਫਿਰ ਅੱਖੋਂ ਪਰੋਖੇ ਕਰਨ ਦਾ ਦੋਸ਼ ਲਗਾਉਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਕਿਸਾਨਾਂ ਅਤੇ ਵਪਾਰੀਆਂ ਨੂੰ ਕੋਈ ਰਾਹਤ ਨਾ ਦੇ ਕੇ ਮੋਦੀ ਨੇ ਇਕ ਵਾਰ ਫੇਰ ਪੰਜਾਬ ਨਾਲ ਵਿਤਕਰਾ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਫੇਰੀ ਤੋਂ ਪਹਿਲਾਂ ਪੰਜਾਬ ਦੇ ਲੋਕ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਸਨ ਕਿ ਸ਼ਾਇਦ ਮੋਦੀ ਸੂਬੇ ਵਿਚ ਹਰ ਰੋਜ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਬਾਂਹ ਫੜਨਗੇ ਅਤੇ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਤੋਂ ਬਾਹਰ ਜਾ ਰਹੇ ਉਦਯੋਗਾਂ ਲਈ ਕੋਈ ਨਵੀਂ ਸਕੀਮ ਲਾਂਚ ਕਰਨਗੇ। ਪਰੰਤੂ ਪ੍ਰਧਾਨ ਮੰਤਰੀ ਸਿਰਫ ਆਪਣਾ ਲਛੇਦਾਰ ਭਾਸ਼ਣ ਦੇ ਕੇ ਸੂਬੇ ਦੇ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਉਨਾਂ ਦੇ ਹਾਲ ‘ਤੇ ਹੀ ਛੱਡ ਦਿੱਤਾ ਹੈ।
ਵੜੈਚ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਕਿਰਸਾਨੀ ਦੀ ਮਾੜੀ ਆਰਥਿਕ ਹਾਲਤ ਲਈ ਵਿਸ਼ੇਸ਼ ਰਿਆਇਤਾਂ ਦੀ ਮੰਗ ਕੀਤੀ ਸੀ, ਪਰ ਮੋਦੀ ਨੇ ਆਪਣਾ ਭਾਸ਼ਣ ਦਿੰਦੇ ਹੋਏ ਸਰਜੀਕਲ ਸਟ੍ਰਾਈਕ ਦੀ ਗੱਲ ਕਰਦਿਆਂ ਬਾਦਲ ਦੀ ਮੰਗ ਨੂੰ ਅਣਗੌਲਿਆਂ ਕਰ ਦਿੱਤਾ, ਜਿਸ ਤੋਂ ਪਤਾ ਲਗਦਾ ਹੈ ਅਕਾਲੀ ਦਲ ਵਿੱਚ ਕੇਂਦਰ ਤੋਂ ਮੰਗਾਂ ਮਨਵਾਉਣ ਦਾ ਦਮ ਨਹੀਂ ਅਤੇ ਨਾ ਹੀ ਪੰਜਾਬ ਨੂੰ ਮੋਦੀ ਸਰਕਾਰ ਕੁੱਝ ਦੇਣਾ ਚਾਹੁੰਦੀ ਹੈ।
ਇਸਦੇ ਨਾਲ ਹੀ ਵੜੈਚ ਨੇ ਕੇਂਦਰ ਸਰਕਾਰ ਉਤੇ ਵਰਦਿਆਂ ਕਿਹਾ ਕਿ ਸਰਕਾਰ ਚੋਣਾਂ ਤੋਂ ਪਹਲਿਾਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਨਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਰਾਧੇ ਮੋਹਨ ਸਿੰਘ ਵੱਲੋਂ ਫਸਲ ਦੀ ਲਾਗਤ ਉਤੇ 50 ਫੀਸਦੀ ਲਾਭ ਦੇਣ ਤੋਂ ਇਨਕਾਰ ਕਰਨ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਮੋਦੀ ਸਰਕਾਰ ਸਿਰਫ ਧਨਾਢਾਂ ਜਾਂ ਵੱਡੇ ਸਨਅਤੀ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਤਾਂ ਕੋਈ ਵੀ ਨੀਤੀ ਤਿਆਰ ਕਰ ਸਕਦੀ ਹੈ, ਪਰ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨਾਲ ਉਸਨੂੰ ਕੋਈ ਸਾਰੋਕਾਰ ਨਹੀਂ।
ਗੁਰਪ੍ਰੀਤ ਸਿੰਘ ਵੜੈਚ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਈਆਂ ਹਨ, ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਕਿਸਾਨ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਖੇਤੀਬਾੜੀ ਨੂੰ ਇੱਕ ਲਾਹੇਵੰਦ ਧੰਦਾ ਬਣਾਉਣ ਲਈ ਪੁਰਜੋਰ ਕੋਸ਼ਿਸ਼ ਕਰੇਗੀ ਅਤੇ ਕਿਸਾਨਾਂ ਅਤੇ ਖੇਤ ਮਜਦੂਰਾਂ ਲਈ ਜਾਰੀ ਕੀਤੇ ਮੈਨੀਫੈਸਟੋ ਵਿਚ ਦਰਜ ਹਰ ਵਾਅਦੇ ਨੂੰ ਪੂਰਾ ਕਰੇਗੀ।