ਚੰਡੀਗੜ੍ਹ, 13 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਸੂਬੇ ਦੀ ਅਕਾਲੀ ਸਰਕਾਰ 'ਤੇ ਹਮਲਾ ਬੋਲਦਿਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਪ੍ਰਚਾਰ ਕਰਨ ਲਈ ਨਿਰਾਸ਼ਾਪੂਰਨ ਤੇ ਘਟੀਆ ਤਰੀਕੇ ਅਪਣਾਏ ਜਾਣ ਦੀ ਨਿੰਦਾ ਕੀਤੀ ਹੈ। ਇਸ ਲੜੀ ਹੇਠ ਪਾਰਟੀ ਵੱਲੋਂ ਮੋਹਾਲੀ 'ਚ ਖਰੜ ਸਥਿਤ ਐਸ.ਡੀ.ਐਮ ਦਫਤਰ 'ਚੋਂ ਸ੍ਰੋਮਣੀ ਅਕਾਲੀ ਦਲ ਦੀਆਂ ਪਬਲੀਸਿਟੀ ਕਿਤਾਬਾਂ ਨੂੰ ਚੁੱਕਣ ਲਈ ਸੰਸਕਾਰ ਵਾਹਨ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ 'ਤੇ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਹੈ ਕਿ ਬਾਦਲ ਸਰਕਾਰ ਅਕਾਲੀ ਦਲ ਨੂੰ ਸਿਆਸਤ ਦੇ ਨਰਕ 'ਚੋਂ ਕੱਢਣ ਲਈ ਇੰਨੀ ਨੀਚੇ ਡਿੱਗ ਗਈ ਹੈ। ਮੀਡੀਆ ਰਿਪੋਰਟਾ ਮੁਤਾਬਿਕ ਇਸ ਦੌਰਾਨ ਇਲਾਕੇ ਦੇ ਲੋਕਾਂ ਵੱਲੋਂ ਰੋਸ ਪ੍ਰਗਟਾਉਣ ਕਾਰਨ ਸੰਸਕਾਰ ਵਾਹਨ ਦੇ ਡਰਾਈਰ ਨੂੰ ਮੌਕੇ ਤੋਂ ਭੱਜਣ ਲਈ ਮਜ਼ਬੂਰ ਹੋਣਾ ਪਿਆ। ਜਿਹੜੀਆਂ ਕਿਤਾਬਾਂ ਬਾਅਦ 'ਚ ਕਿਸੇ ਹੋਰ ਵਾਹਨ 'ਚ ਲਿਜਾਈਆਂ ਗਈਆਂ।
ਇਥੇ ਜ਼ਾਰੀ ਇਕ ਸਾਂਝੇ ਬਿਆਨ 'ਚ ਪੰਜਾਬ ਕਾਂਗਰਸ ਦੇ ਆਗੂਆਂ ਜਗਮੋਹਨ ਸਿੰਘ ਕੰਗ, ਹਰਦਿਆਲ ਸਿੰਘ ਕੰਬੋਜ, ਸੁੰਦਰ ਸ਼ਾਮ ਅਰੋੜਾ ਤੇ ਹਰਚੰਦ ਕੌਰ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਪੱਸ਼ਟ ਕਰਦੀਆਂ ਹਨ ਕਿ ਅਕਾਲੀ ਸਰਕਾਰ ਆਉਂਦੀਆ ਚੋਣਾਂ 'ਚ ਸੂਬੇ ਦੀ ਸੱਤਾ 'ਚ ਆਉਣ ਸਬੰਧੀ ਆਪਣੀ ਆਖਰੀ ਉਮੀਦ ਵੀ ਖੋਹ ਚੁੱਕੀ ਹੈ। ਇਹ ਸਬੂਤ ਤੋਂ ਵੀ ਜ਼ਿਆਦਾ ਪੱਕਾ ਹੋ ਗਿਆ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਭ੍ਰਿਸ਼ਟ ਅਕਾਲੀ ਦਲ ਦਾ ਪੰਜਾਬ 'ਚੋਂ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ ਅਤੇ ਉਸਦੇ ਅਜਿਹੇ ਕਦਮ ਪਾਰਟੀ ਨੂੰ ਖਾਤਮੇ ਦੀ ਦਿਸ਼ਾ 'ਚ ਹੋਰ ਧਕੇਲੀ ਜਾ ਰਹੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੇ ਬਾਦਲ ਸਰਕਾਰ ਵੱਲੋਂ ਲਗਾਤਾਰ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਵਿਸ਼ੇਸ ਸਿਆਸੀ ਫਾਇਦਿਆਂ ਖਾਤਿਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਲਈ ਨਿੰਦਾ ਕੀਤੀ ਹੈ।
ਜਿਸ ਬਾਰੇ ਮੀਡੀਆ ਦੇ ਇਕ ਵਰਗ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਅਕਾਲੀ ਸਰਕਾਰ ਵੱਲੋਂ ਪਾਰਟੀ ਦੇ ਪ੍ਰਚਾਰ ਵਾਸਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਸਬੰਧੀ ਕਾਂਗਰਸ ਪਾਰਟੀ ਦੀ ਸ਼ਿਕਾਇਤ 'ਤੇ ਸੂਬੇ ਦੇ ਮੁੱਖ ਚੋਣ ਅਫਸਰ ਵੀ.ਕੇ ਸਿੰਘ ਨੇ ਜਾਂਚ ਕਰਵਾਈ ਸੀ।
ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੂਬਾ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਆਪਣੀਆਂ ਕਿਤਾਬਾਂ ਵੰਡਣ ਲਈ ਕਹਿਣ ਬਾਰੇ ਛੱਪੀਆਂ ਖ਼ਬਰਾਂ ਦੇ ਅਧਾਰ 'ਤੇ ਦੋ ਦਿਨ ਪਹਿਲਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ। ਜਿਸ ਸ਼ਿਕਾਇਤ 'ਚ ਪ੍ਰਦੇਸ਼ ਕਾਂਗਰਸ ਕਮੇਟੀ ਨੇ ਉਨ੍ਹਾਂ ਖ਼ਬਰਾਂ ਦਾ ਵੀ ਜ਼ਿਕਰ ਕੀਤਾ ਸੀ, ਜਿਨ੍ਹਾਂ ਮੁਤਾਬਿਕ ਸਰਕਾਰ ਨੇ ਪੰਚਾਇਤਾਂ ਨੂੰ ਹੋਰਡਿੰਗਾਂ ਲਈ ਫੰਡ ਦੇਣ ਵਾਸਤੇ ਕਿਹਾ ਸੀ।