ਡੀਐਸਜੀਐਮਸੀ ਮੈਂਬਰ ਬੀਬੀ ਰਣਜੀਤ ਕੌਰ ਦੇ ਦਫਤਰ ਦਾ ਉਦਘਾਟਨ :ਹਰਮੀਤ ਸਿੰਘ ਕਾਲਕਾ
ਸੰਗਤ ਦੀ ਸੇਵਾ ਲਈ ਸਮਰਪਿਤ ਨਵੇਂ ਦਫ਼ਤਰ ਦੀ ਸਥਾਪਨਾ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 1 ਅਪ੍ਰੈਲ,2026
ਦਿੱਲੀ ਵਿੱਚ ਸੰਗਤ ਦੀਆਂ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕ-ਸੇਵਾ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੇ ਮੰਤਵ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਦੇ ਨਵੇਂ ਦਫ਼ਤਰ ਦਾ ਉਦਘਾਟਨ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤਾ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਸਮੇਤ ਕਮੇਟੀ ਦੇ ਮੈਂਬਰਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਬੀਬੀ ਰਣਜੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਦਫ਼ਤਰ ਦਾ ਮੁੱਖ ਉਦੇਸ਼ ਸੰਗਤ ਨੂੰ ਸਹੂਲਤਾਂ ਅਤੇ ਲੋਕ-ਭਲਾਈ ਦੇ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਬੀਬੀ ਰਣਜੀਤ ਕੌਰ ਨੇ ਹਮੇਸ਼ਾਂ ਸਮਰਪਿਤ ਭਾਵਨਾ ਨਾਲ ਸੰਗਤ ਦੀ ਸੇਵਾ ਨੂੰ ਆਪਣਾ ਧਰਮ ਸਮਝ ਕੇ ਨਿਭਾਇਆ ਹੈ ਅਤੇ ਉਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਅਤੇ ਸੇਵਾਭਾਵੀ ਸੋਚ ਸ਼ਲਾਘਾਯੋਗ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸੱਤ ਤੋਂ ਅੱਠ ਸਾਲਾਂ ਦੌਰਾਨ ਬੀਬੀ ਰਣਜੀਤ ਕੌਰ ਨਾਲ ਨਜ਼ਦੀਕੀ ਤੌਰ ‘ਤੇ ਕੰਮ ਕਰਦਿਆਂ ਉਨ੍ਹਾਂ ਨੇ ਹਮੇਸ਼ਾਂ ਉਨ੍ਹਾਂ ਨੂੰ ਹਰ ਜਿੰਮੇਵਾਰੀ ਨੂੰ ਪੂਰੇ ਉਤਸ਼ਾਹ, ਦ੍ਰਿੜਤਾ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਦੇਖਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਕਰਕੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮ ਦੌਰਾਨ ਇਵੈਂਟ ਹਾਲ ਦੇ ਸੁਚਾਰੂ ਪ੍ਰਬੰਧ ਦੀ ਜਿੰਮੇਵਾਰੀ ਬਖ਼ੂਬੀ ਨਿਭਾਉਣਾ ਉਨ੍ਹਾਂ ਦੀ ਯੋਗਤਾ ਅਤੇ ਲਗਨ ਦਾ ਪ੍ਰਮਾਣ ਹੈ, ਜਿਸ ਕਾਰਨ ਸਮਾਗਮ ਲਗਾਤਾਰ ਕਈ ਘੰਟਿਆਂ ਤੱਕ ਸਫਲਤਾਪੂਰਵਕ ਚੱਲਦਾ ਰਿਹਾ ਅਤੇ ਸੰਗਤ ਦੀ ਵੱਡੀ ਭਾਗੀਦਾਰੀ ਯਕੀਨੀ ਬਣੀ।
ਸਰਦਾਰ ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਆਪਣੀ ਸਾਂਝੀ ਜਿੰਮੇਵਾਰੀ ਸਮਝਦੀ ਹੈ ਅਤੇ ਇਸ ਮਕਸਦ ਲਈ ਸਮਰਪਿਤ ਸੇਵਾਦਾਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਬੀਬੀ ਰਣਜੀਤ ਕੌਰ ਵੱਲੋਂ ਰਾਮਗੜੀਆ ਕੋਆਪਰੇਟਿਵ ਬੈਂਕ ਦੇ ਪ੍ਰਬੰਧ ਅਤੇ ਵਿਕਾਸ ਲਈ ਕੀਤੇ ਗਏ ਅਣਥਕ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਉਨ੍ਹਾਂ ਬੀਬੀ ਰਣਜੀਤ ਕੌਰ ਨੂੰ ਭਰੋਸਾ ਦਿਵਾਇਆ ਕਿ ਸੰਗਤ ਦੀ ਭਲਾਈ ਅਤੇ ਸੰਸਥਾ ਦੀ ਮਜ਼ਬੂਤੀ ਲਈ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਰਹੇਗਾ, ਤਾਂ ਜੋ ਸੇਵਾ ਦੇ ਇਹ ਕਾਰਜ ਹੋਰ ਵਿਸਥਾਰ ਅਤੇ ਪ੍ਰਭਾਵ ਨਾਲ ਜਾਰੀ ਰਹਿਣ। ਸਮਾਗਮ ਦੌਰਾਨ ਸੰਗਤ ਵੱਲੋਂ ਵੀ ਬੀਬੀ ਰਣਜੀਤ ਕੌਰ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਨਵੇਂ ਦਫ਼ਤਰ ਨੂੰ ਸੇਵਾ ਦੇ ਨਵੇਂ ਕੇਂਦਰ ਵਜੋਂ ਸਵਾਗਤ ਕੀਤਾ ਗਿਆ।
Click to Follow Babushahi Facebook page →