ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਬਿਜਲੀ ਦੇ ਨਿੱਜੀਕਰਨ ਖਿਲਾਫ ਸੰਘਰਸ਼ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 1 ਮਾਰਚ 2026 :ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕਾਮ ਐਂਡ ਟ੍ਰਾਂਸਕੋ ਆਊਟਸੋਰਸਡ ਮੁਲਾਜ਼ਮ ਪੰਜਾਬ ਨੇ ਸਾਂਝੀ ਕਨਵੈਨਸ਼ਨ ਕਰਕੇ ਪੰਜਾਬ ਦੇ ਬਿਜਲੀ ਖੇਤਰ ਦੇ ਨਿੱਜੀਕਰਨ ਵਿਰੁੱਧ ਸਾਂਝੇ ਸੰਘਰਸ਼ ਦੀ ਉਸਾਰੀ ਲਈ ਸਾਂਝੇ ਤੌਰ ਤੇ ਕੀਤੇ ਫ਼ੈਸਲਿਆਂ ਤਹਿਤ ਵਿਸ਼ਾਲ ਲਾਮਬੰਦੀ ਦਾ ਐਲਾਨ ਕਰਨ ਤੋਂ ਇਲਾਵਾ 6 ਮਾਰਚ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਬਠਿੰਡਾ ਵਿਖੇ ਜਬਰ ਵਿਰੋਧੀ ਕੀਤੇ ਜਾ ਰਹੇ ਧਰਨੇ ਮੁਜ਼ਾਹਰੇ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਪਾਵਰਕੌਮ ਐਂਡ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਕ੍ਰਿਸ਼ਨ ਸਿੰਘ ਔਲਖ, ਬਲਿਹਾਰ ਸਿੰਘ ਕਟਾਰੀਆ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਬਲਵਿੰਦਰ ਸਿੰਘ ਸੈਣੀ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਹਰਜੀਤ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਾਂਝੀ ਕਨਵੈਨਸ਼ਨ ਕੀਤੀ ਗਈ।
ਪੈ੍ਸ ਨੂੰ ਬਿਆਨ ਜਾਰੀ ਕਰਦਿਆਂ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਚੰਦਰ ਸ਼ਰਮਾ, ਸਰਕਲ ਬਠਿੰਡਾ ਦੇ ਸੱਕਤਰ ਸਤਵਿੰਦਰ ਸਿੰਘ ,ਕੁਆਰਡੀਨੇਸ ਕਮੇਟੀ ਆਫ ਪਾਵਰਕੌਮ ਐਂਡ ਟਰਾਸਕੋ ਆਊਟਸੋਰਸਡ ਮੁਲਾਜ਼ਮ ਪੰਜਾਬ ਦੇ ਸੂਬਾਈ ਆਗੂ ਗੁਰਵਿੰਦਰ ਸਿੰਘ ਪੰਨੂ, ਜਗਰੂਪ ਸਿੰਘ ਲੈਹਰਾ ਮੁੱਹਬਤ ਨੇ ਦੱਸਿਆ ਕਿ ਪਾਵਰਕਾਮ ਵਿੱਚ ਕੰਮ ਕਰਦੀਆਂ ਵੱਖ ਵੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਲਹਿਰਾ ਮੁਹੱਬਤ ਥਰਮਲ ਪਲਾਂਟ ਕੰਟਰੈਕਟ ਵਰਕਰ ਯੂਨੀਅਨ, ਅਤੇ ਪੀ ਐੱਸ ਪੀ ਸੀ ਐਲ ਤੇ ਪੀ ਐਸ ਟੀ ਸੀ ਐਲ ਕੰਟਰੈਕਟ ਵਰਕਰ ਯੂਨੀਅਨ, ਸਾਂਝਾ ਮੰਚ ਕੰਟਰੈਕਟ ਵਰਕਰ ਯੂਨੀਅਨ ਥਰਮਲ ਪਲਾਂਟ ਰੋਪੜ, ਕੰਟਰੈਕਟ ਵਰਕਰਜ਼ ਯੂਨੀਅਨ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵਲੋਂ ਸਾਂਝੇ ਤੌਰ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਭਰਾਤਰੀ ਤੌਰ ਤੇ ਪੈਨਸ਼ਨਰ ਸਾਥੀ ਵੀ ਸ਼ਾਮਲ ਹੋਏ।
ਆਗੂਆਂ ਨੇ ਦੱਸਿਆ ਕਿ ਇਹ ਕਨਵੈਨਸ਼ਨ ਵਿਭਾਗੀ ਮੰਗਾਂ ਤੋਂ ਅਗਾਂਹ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿਜੀਕਰਨ ਦੇ ਤਬਾਹਕੁੰਨ ਹਮਲੇ ਵਿਰੁੱਧ ਬਿਜਲੀ ਐਕਟ 2003 ਅਤੇ ਬਿਜਲੀ ਸੋਧ ਬਿੱਲ 2025 ਵਿਰੁੱਧ ਦੇਸ਼ ਦੇ ਸਮੂਹ ਮਿਹਨਤਕਸ਼ ਲੋਕਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਸਾਂਝੇ ਹਿੱਤਾਂ ਨੂੰ ਬਚਾਉਣ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਲਈ ਦੇਸ਼ ਦੇ ਕੁਲ ਪੈਦਾਵਾਰੀ ਵਸੀਲੇ ਜਿਵੇਂ ਬਿਜਲੀ, ਵਿਦਿਆ, ਸਿਹਤ ਸੇਵਾਵਾਂ, ਰੇਲਵੇ ਅਤੇ ਪਾਣੀ ਦੇ ਵਸੀਲੇ ਜ਼ੋ ਮਿਹਨਤਕਸ਼ ਲੋਕਾਂ ਦੇ ਭਲੇ ਦੇ ਨਾਂਅ ਹੇਠ ਉਨ੍ਹਾਂ ਦੇ ਹੀ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਗਏ ਸਨ, ਅੱਜ ਇਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਕੇ ਉਨ੍ਹਾਂ ਨੂੰ ਸੇਵਾ ਦੀ ਥਾਂ ਲੋਕਾਂ ਦੀ ਅੰਨੀ ਲੁੱਟ ਕਰਕੇ ਮੁਨਾਫ਼ੇ ਕਮਾਉਣ ਦੀ ਖੁਲ੍ਹ ਦਿਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਮੁਨਾਫ਼ੇ ਕਮਾਉਣ ਦੀ ਲੋੜ ਨੂੰ ਮੁੱਖ ਰੱਖ ਕੇ ਇਨ੍ਹਾਂ ਖੇਤਰਾਂ ਵਿੱਚ ਜ਼ੋ ਨੀਤੀਆਂ ਅਤੇ ਕਾਨੂੰਨ ਪਹਿਲਾਂ ਲਾਗੂ ਸਨ ਉਹ ਲੁੱਟ ਅਤੇ ਮੁਨਾਫ਼ੇ ਦੀ ਲੋੜ ਦੇ ਰਾਹ ਦੀ ਰੁਕਾਵਟ ਬਣਦੇ ਸਨ। ਜਿਨ੍ਹਾਂ ਨੂੰ ਦੇਸ਼ ਦੀ ਪਾਰਲੀਮੈਂਟ ਵੱਲੋਂ ਤਬਦੀਲ ਕਰਕੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਮੁਨਾਫ਼ੇ ਦੀ ਲੋੜ ਨੂੰ ਰਾਸ ਬੈਠਦੀਆਂ ਨਵੀਆਂ ਨੀਤੀਆਂ ਅਤੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਕਾਮਿਆਂ ਦੇ ਪੱਕੇ ਰੋਜ਼ਗਾਰ ਦਾ ਹੱਕ ਸਾਡੇ ਕੋਲੋਂ ਖੋਹ ਕੇ ਲੋੜ ਅਨੁਸਾਰ ਭਰਤੀ ਅਤੇ ਛਾਂਟੀ ਦਾ ਅਧਿਕਾਰ, ਗੁਜ਼ਾਰੇ ਯੋਗ ਤਨਖਾਹ ਦਾ ਸਾਡਾ ਹੱਕ ਖੋਹ ਕੇ ਮਨਮਰਜ਼ੀ ਦੀਆਂ ਉਜ਼ਰਤਾਂ ਦੇਣ ਦਾ ਅਧਿਕਾਰ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਗਿਆ, ਪੈਨਸ਼ਨਰੀ ਸੇਵਾ ਲਾਭ ਬੰਦ ਕਰ ਦਿੱਤਾ ਗਿਆ, ਕਾਮਿਆਂ ਵੱਲੋਂ ਖ਼ੂਨ ਦੇ ਕੇ ਹਾਸਲ ਕੀਤੇ ਟਰੇਡ ਯੂਨੀਅਨ ਅਤੇ ਲੇਬਰ ਕਾਨੂੰਨਾਂ ਵਿੱਚ ਕਾਮਾ ਵਿਰੋਧੀ ਸੋਧਾਂ ਕਰਕੇ ਕਾਮਿਆਂ ਨੂੰ ਕਾਰਪੋਰੇਟ ਲੁਟੇਰਿਆਂ ਅੱਗੇ ਬੇਰਹਿਮ ਲੁੱਟ ਲਈ ਪਰੋਸ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਹਾਲਤ ਵਿੱਚ ਆਪਣੇ ਹੱਕਾਂ ਦੀ ਰਾਖੀ ਲਈ ਕਾਮਿਆਂ ਕੋਲ ਇਸ ਤਬਾਹਕੁੰਨ ਹੱਲੇ ਵਿਰੁੱਧ ਆਪਣੇ ਹੱਕਾਂ ਦੀ ਰਾਖੀ ਲਈ ਇੱਕੋ ਇੱਕ ਸਾਂਝੇ ਸੰਘਰਸ਼ ਦਾ ਰਾਹ ਹੈ। ਜਿਸ ਲਈ ਪੰਜਾਬ ਦੇ ਬਿਜਲੀ ਖੇਤਰ ਵਿੱਚ ਕੰਮ ਕਰਦੇ ਸਮੂਹ ਕਾਮਿਆਂ ਤੇ ਮਿਹਨਤਕਸ਼ ਲੋਕਾਂ ਨਾਲ ਸਾਂਝੇ ਤੌਰ ਤੇ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਯਤਨ ਕੀਤੇ ਜਾਣਗੇ।ਆਗੂਆਂ ਨੇ ਫੈਸਲਾ ਕੀਤਾ ਕਿ ਡਵੀਜ਼ਨ ਪੱਧਰ ਤੇ ਸਾਂਝੀਆਂ ਮੀਟਿੰਗਾਂ ਕਰਨ ਲਈ ਸਮੂਹ ਬਿਜਲੀ ਕਾਮਿਆਂ ਤੱਕ ਸਾਂਝੀ ਮੁਹਿੰਮ ਬਣਾ ਕੇ ਪਹੁੰਚ ਕੀਤੀ ਜਾਵੇਗੀ। ਇਹ ਵੀ ਫੈਸਲਾ ਕੀਤਾ ਕਿ ਮਿਤੀ ਛੇ ਮਾਰਚ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਬਠਿੰਡਾ ਵਿਖੇ ਜਬਰ ਵਿਰੋਧੀ ਕੀਤੇ ਜਾ ਰਹੇ ਧਰਨੇ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
Click to Follow Babushahi Facebook page →