ਅਕਾਲੀ ਦਲ ਨੇ 328 ਸਰੂਪਾਂ ਦੇ ਕੇਸ ’ਚ ਨਵੀਂ ਐਸ ਆਈ ਟੀ ਨੂੰ ਕੀਤਾ ਰੱਦ
ਕਿਹਾ ਕਿ ਮਕਸਦ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣਾ ਹੈ
ਚੰਡੀਗੜ੍ਹ, 26 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਮੁੜ ਗਠਨ ਕੀਤੇ ਜਾਣ ਨੂੰ ਰੱਦ ਕਰ ਦਿੱਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਟੀਮ ਇਸ ਕਰ ਕੇ ਗਠਿਤ ਕੀਤੀ ਗਈ ਕਿਉਂਕਿ ਪੁਰਾਣੀ ਟੀਮ ਨੇ ਕੇਸ ਵਿਚ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੇ ਗੈਰ ਕਾਨੂੰਨੀ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਸੀ।
ਘਟਨਾਕ੍ਰਮ ’ਤੇ ਪ੍ਰਤੀਕਰਮ ਦਿੰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਘਟੀਆ ਰਾਜਨੀਤੀ ਕਰ ਰਹੀ ਹੈ ਤੇ ਇਸ ਐਸ ਆਈ ਟੀ ਦਾ ਟੀਚਾ ਵੀ ਉਹੀ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦ ਸਰੂਪਾਂ ਦੀ ਆੜ ਵਿਚ ਅਕਾਲੀ ਦਲ ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾਉਣਾ।
ਇਹਨਾਂ ਆਗੂਆਂ ਨੇ ਸਵਾਲ ਕੀਤਾ ਕਿ ਜਿਹੜੇ ਅਫਸਰ ਪਹਿਲਾਂ ਹੀ ਸ਼ੱਕ ਦੇ ਘੇਰੇ ਵਿਚ ਹਨ ਜਿਵੇਂ ਕਿ ਐਸ ਆਈ ਟੀ ਦੇ ਚੇਅਰਮੈਨ ਨਾਨਕ ਸਿੰਘ ਜਿਹਲਾਂ ਖਿਲਾਫ ਫੌਜੀ ਅਫਸਰ ’ਤੇ ਪੁਲਿਸ ਵੱਲੋਂ ਕੀਤੇ ਹਮਲੇ ਵਿਚ ਉਹਨਾਂ ਦੀ ਭੂਮਿਕਾ ਦੀ ਜਾਂਚ ਹੋ ਰਹੀ ਹੈ ਅਤੇ ਗੁਰਬੰਸ ਸਿੰਘ ਬੈਂਸ ਜੋ ਅਕਾਲੀ ਦਲ ਦੀ ਸਰਕਾਰ ਦੇ ਖਿਲਾਫ ਸਨ, ਨੂੰ ਐਸ ਆਈ ਟੀ ਵਿਚ ਸ਼ਾਮਲ ਕੀਤਾ ਗਿਆ ਹੈ।
ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਆਪ ਸਰਕਾਰ ਨੇ ਐਸ ਆਈ ਟੀ ਵਿਚ ਸਿਰਫ ’ਅੰਮ੍ਰਿਤਧਾਰੀ’ ਅਫਸਰ ਸ਼ਾਮਲ ਕਰਨ ਲਈ ਕੀਤੀ ਹਦਾਇਤ ਦੀ ਵੀ ਪਰਵਾਹ ਨਹੀਂ ਕੀਤੀ ਕਿਉਂਕਿ ਇਹਨਾਂ ਨੇ ਫਿਰ ਕੇਸ ਦੀ ਜਾਂਚ ਵਿਚ ’ਮਰਿਆਦਾ’ ਦੀ ਪਾਲਣਾ ਕਰਨੀ ਸੀ।
ਇਹਨਾਂ ਆਗੂਆਂ ਨੇ ਐਸ ਆਈ ਟੀ ਅਫਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪ ਲੀਡਰਸ਼ਿਪ ਦੇ ਕਹਿਣ ’ਤੇ ਕੁਝ ਵੀ ਗਲਤ ਕਰਨ ਦੀ ਗਲਤੀ ਨਾ ਕਰਨ। ਉਹਨਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਵੇਖ ਰਹੀ ਹੈ ਕਿ ਆਪ ਸਰਕਾਰ ਲਾਪਤਾ ਸਰੂਪਾਂ ਦੇ ਮਾਮਲੇ ਦੀ ਜਾਂਚ ਕਿਸ ਤਰੀਕੇ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼ਰਧਾਲੂ ਜਾਣਦੇ ਹਨ ਕਿ ਸਰੂਪ ਲਾਪਤਾ ਨਹੀਂ ਹਨ ਬਲਕਿ ਇਹ ਗੁਰੂ ਘਰਾਂ ਵਿਚ ਭੇਜੇ ਗਏ ਹਨ ਪਰ ਇਹਨਾਂ ਦੀ ਗਿਣਤੀ ਦਾ ਹਿਸਾਬ ਸਹੀ ਨਾ ਹੋਣਾ ਮੁੱਦਾ ਹੈ। ਜੇਕਰ ਐਸ ਆਈ ਟੀ ਦੇ ਅਫਸਰਾਂ ਨੇ ਜਾਂਚ ਦੇ ਬਹਾਲੇ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਝੂਠਾ ਕੇਸ ਦਰਜ ਕੀਤਾ ਤਾਂ ਫਿਰ ਉਹ ਕਾਨੂੰਨ ਮੁਤਾਬਕ ਨਤੀਜੇ ਭੁਗਤਣ ਲਈ ਤਿਆਰ ਰਹਿਣ ਕਿਉਂਕਿ ਕਾਨੂੰਨ ਸਭ ਲਈ ਬਰਾਬਰ ਹੈ।
Click to Follow Babushahi Facebook page →