27 ਫਰਵਰੀ ਤੋਂ 1 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲਾ ਮਹੱਲਾ ਤਿਉਹਾਰ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 25 ਫਰਵਰੀ,2026
ਖਾਲਸਾਈ ਸ਼ਾਨੋ-ਸ਼ੌਕਤ ਦੇ ਪ੍ਰਤੀਕ ਹੋਲੇ ਮਹੱਲੇ ਦੇ ਕੌਮੀ ਤਿਉਹਾਰ ਨੂੰ ਸੁਚੱਜੇ ਅਤੇ ਸੁਵਿਧਾਜਨਕ ਢੰਗ ਨਾਲ ਮਨਾਉਣ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। 27 ਫਰਵਰੀ ਤੋਂ 1 ਮਾਰਚ ਤੱਕ ਕੀਰਤਪੁਰ ਸਾਹਿਬ ਵਿੱਚ ਹੋਣ ਵਾਲੇ ਤਿੰਨ ਦਿਨਾਂ ਸਮਾਗਮ ਸਬੰਧੀ ਪ੍ਰਬੰਧਾਂ ਦੀ ਨਿਰੰਤਰ ਸਮੀਖਿਆ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਅਤੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਸੰਗਤਾਂ ਦੀ ਸੁਰੱਖਿਆ, ਸਫ਼ਾਈ, ਟ੍ਰੈਫ਼ਿਕ ਅਤੇ ਸਿਹਤ ਸਹੂਲਤਾਂ ਵਿੱਚ ਕੋਈ ਕਮੀ ਨਾ ਛੱਡਣ ਦੇ ਸਪੱਸ਼ਟ ਨਿਰਦੇਸ਼ ਦਿੱਤੇ।
ਪ੍ਰਸ਼ਾਸਨ ਵੱਲੋਂ ਮੇਲਾ ਖੇਤਰ ਨੂੰ ਦੋ ਸੈਕਟਰਾਂ ਵਿੱਚ ਵੰਡ ਕੇ ਪ੍ਰਬੰਧਨ ਨੂੰ ਹੋਰ ਸੁਚੱਜਾ ਬਣਾਇਆ ਗਿਆ ਹੈ। 27 ਫਰਵਰੀ ਤੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਿੱਚ ਸਿਵਲ ਕੰਟਰੋਲ ਰੂਮ ਕਾਰਜਸ਼ੀਲ ਹੋਵੇਗਾ, ਜਿਸ ਦਾ ਨੰ: 01887-292030 ਹੋਵੇਗਾ, ਜਿਸ ਰਾਹੀਂ ਸ਼ਿਕਾਇਤਾਂ ਅਤੇ ਸਹਾਇਤਾ ਸਬੰਧੀ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।
ਉਪ ਮੰਡਲ ਮੈਜਿਸਟ੍ਰੇਟ ਮੋਰਿੰਡਾ ਨੂੰ ਸਹਾਇਕ ਮੇਲਾ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜਦਕਿ ਕਾਰਜ ਸਾਧਕ ਅਫ਼ਸਰ ਗੁਰਬਖ਼ਸ਼ੀਸ਼ ਸਿੰਘ ਸੰਧੂ ਵੱਲੋਂ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪ੍ਰਸ਼ਾਸਨ ਦਾ ਮਕਸਦ ਹੈ ਕਿ ਸੰਗਤਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਧਾਰਮਿਕ ਸਮਾਗਮਾਂ ਵਿੱਚ ਜਾਣ ਸਮੇਂ ਪੂਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣ।
ਮੇਲੇ ਦੌਰਾਨ ਸਿਹਤ ਅਤੇ ਸਫ਼ਾਈ ਪ੍ਰਬੰਧ ਨਿਰੰਤਰ ਜਾਰੀ ਰਹਿਣਗੇ। 75 ਸਫ਼ਾਈ ਕਰਮਚਾਰੀ ਦਿਨ-ਰਾਤ ਡਿਊਟੀ ‘ਤੇ ਤਾਇਨਾਤ ਰਹਿਣਗੇ, ਜਦਕਿ ਪਾਣੀ ਦੇ ਛਿੜਕਾਓ ਲਈ 5 ਟੈਂਕਰ ਤੈਨਾਤ ਕੀਤੇ ਗਏ ਹਨ। ਮੱਛਰ-ਮੱਖੀਆਂ ਦੀ ਰੋਕਥਾਮ ਲਈ ਫੋਗਿੰਗ ਦੀ ਢੁਕਵੀ ਵਿਵਸਥਾ ਕੀਤੀ ਗਈ ਹੈ। ਸੜਕਾਂ ‘ਤੇ ਰੋਸ਼ਨੀ ਦਾ ਪ੍ਰਬੰਧ ਮਜ਼ਬੂਤ ਕੀਤਾ ਗਿਆ ਹੈ ਅਤੇ ਕੂੜਾ ਪ੍ਰਬੰਧਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਫ਼ਾਈ ਬਣੀ ਰਹੇ।
ਟ੍ਰੈਫ਼ਿਕ ਨੂੰ ਸੁਚੱਜਾ ਬਣਾਉਣ ਲਈ ਕੀਰਤਪੁਰ ਸਾਹਿਬ ਵਿੱਚ 12 ਪਾਰਕਿੰਗ ਸਥਾਨ ਤਿਆਰ ਕੀਤੇ ਜਾ ਰਹੇ ਹਨ। ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਵਾਹਨਾਂ ਦੀ ਆਵਾਜਾਈ ਲਈ ਵੱਖ-ਵੱਖ ਰੂਟ ਨਿਰਧਾਰਤ ਕਰਕੇ ਭੀੜ ਤੋਂ ਬਚਾਅ ਕੀਤਾ ਜਾਵੇਗਾ। ਵਾਤਾਵਰਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਿੰਗਲ-ਯੂਜ਼ ਪਲਾਸਟਿਕ ‘ਤੇ ਪੂਰਨ ਮਨਾਹੀ ਰਹੇਗੀ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਮੁਫ਼ਤ ਜੈਵਿਕ ਖਪਣਯੋਗ ਭਾਂਡੇ ਉਪਲੱਬਧ ਕਰਵਾਏ ਜਾਣਗੇ। ਪ੍ਰਸ਼ਾਸਨ ਨੇ ਸੰਗਤਾਂ ਅਤੇ ਦੁਕਾਨਦਾਰਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਾਂਝੀ ਜ਼ਿੰਮੇਵਾਰੀ ਨਾਲ ਹੀ ਹੋਲਾ ਮਹੱਲਾ 2026 ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਯਾਦਗਾਰ ਬਣਾਇਆ ਜਾ ਸਕਦਾ ਹੈ।
Click to Follow Babushahi Facebook page →