ਸੈਕਰੇਡ ਹਾਰਟ ਕਨਵੈਂਟ ਰੋਡ ਨੇ ਆਪ ਸਰਕਾਰ ਦੀ ਲਾਪਰਵਾਹੀ ਨੂੰ ਸਾਹਮਣੇ ਲਿਆਂਦਾ: ਦੀਵਾਨ
ਲੁਧਿਆਣਾ ਵਿੱਚ ਮੁਢਲੀਆਂ ਸਹੂਲਤਾਂ ਦੀ ਮਾੜੀ ਹਾਲਤ
ਪ੍ਰਮੋਦ ਭਾਰਤੀ
ਲੁਧਿਆਣਾ, 25 ਫਰਵਰੀ,2026
ਇਹ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਸ਼ਰਮਨਾਕ ਸੱਚਾਈ ਨੂੰ ਦਰਸਾਉਂਦਾ ਹੈ ਕਿ ਲੁਧਿਆਣਾ ਵਿੱਚ ਮੁਢਲੀਆਂ ਸੁਵਿਧਾਵਾਂ, ਖਾਸ ਕਰਕੇ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਸਥਿਤੀ ਵਿੱਚ ਹੈ। ਇੱਥੇ ਜਾਰੀ ਇੱਕ ਜੋਰਦਾਰ ਬਿਆਨ ਰਾਹੀਂ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਨਗਰ ਨਿਗਮ ਦੇ ਨਾਲ-ਨਾਲ ਸਥਾਨਕ ਸਰਕਾਰਾਂ ਵਿਭਾਗ ਦੇ ਸਬੰਧਤ ਅਫ਼ਸਰਾਂ ਦੇ ਲਾਪਰਵਾਹ ਰਵਈਏ ਦੀ ਕਰੜੀ ਨਿੰਦਾ ਕੀਤੀ ਹੈ।
ਦੀਵਾਨ ਨੇ ਸ਼ਹਿਰ ਭਰ ਵਿੱਚ ਟੁੱਟੀਆਂ ਸੜਕਾਂ ਅਤੇ ਵੱਡੇ ਖੱਡਿਆਂ ਦੀ ਸਮੱਸਿਆ ਦਾ ਖੁਲਾਸਾ ਕਰਦਿਆਂ, ਕਿਹਾ ਕਿ ਸਰਾਭਾ ਨਗਰ ਸਥਿਤ ਨਾਮੀ ਸੈਕਰੇਡ ਹਾਰਟ ਕਾਨਵੈਂਟ ਸਕੂਲ ਦੇ ਸਾਹਮਣੇ ਤੋਂ ਨਿਕਲਦੀ ਸੜਕ ਦੀ ਮਾੜੀ ਹਾਲਤ ਦਾ ਜ਼ਿਕਰ ਕੀਤਾ। ਜਿਥੋਂ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਆਵਾਜਾਈ ਦੇ ਬਾਵਜੂਦ ਇਹ ਸੜਕ ਬਹੁਤ ਹੀ ਖਸਤਾਹਾਲ ਹਾਲਤ ਵਿੱਚ ਹੈ। ਇਸੇ ਤਰ੍ਹਾਂ, ਮਾਪਿਆਂ, ਸਕੂਲ ਪ੍ਰਬੰਧਕਾਂ ਅਤੇ ਰਾਹਗੀਰਾਂ ਨੂੰ ਦੁਖਦਾਈ ਸਫ਼ਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੀਵਾਨ ਨੇ ਕਿਹਾ ਕਿ ਵੱਡੇ ਖੱਡਿਆਂ ਅਤੇ ਸੜਕ ਦੀ ਮਾੜੀ ਹਾਲਤ ਕਾਰਨ ਇੱਥੇ ਹਾਦਸੇ ਵਾਪਰਨਾ ਆਮ ਗੱਲ ਬਣ ਚੁੱਕੀ ਹੈ। ਇਹ ਸਥਿਤੀ ਰਾਹਗੀਰਾਂ ਲਈ ਲਗਾਤਾਰ ਖ਼ਤਰਾ ਬਣੀ ਹੋਈ ਹੈ ਅਤੇ ਇਸ ਵਿੱਚ ਤੁਰੰਤ ਸੁਧਾਰ ਕੀਤੇ ਜਾਣ ਦੀ ਲੋੜ ਹੈ।
ਉਨ੍ਹਾਂ ਹੈਰਾਨੀ ਜ਼ਾਹਿਰ ਕਰਦੇ ਹੋਏ, ਕਿਹਾ ਕਿ ਇਹੀ ਸੜਕ ਅੱਗੇ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਤੱਕ ਜਾਂਦੀ ਹੈ, ਜਿੱਥੇ ਕਮਿਸ਼ਨਰ ਅਤੇ ਮੇਅਰ ਵੱਲੋਂ ਅਧਿਕਾਰਿਕ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਫਿਰ ਵੀ ਇਸ ਦੀ ਮੁਰੰਮਤ ਲਈ ਕੋਈ ਯਤਨ ਨਹੀਂ ਕੀਤਾ ਗਿਆ। ਇਹ ਸਰਕਾਰ ਅਤੇ ਨਗਰ ਨਿਗਮ ਦੀ ਨਾਕਾਬਲੀਅਤ ਅਤੇ ਗੈਰ-ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।
ਦੀਵਾਨ ਨੇ ਇਹ ਵੀ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ, ਜਿਹੜੇ ਇਸ ਹਲਕੇ ਦੇ ਵਿਧਾਇਕ ਵੀ ਹਨ, ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਜਿਸ ਨਾਲ ਇਲਾਕੇ ਦੇ ਵਸਨੀਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਅੰਤ ਵਿੱਚ, ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੀਆਂ ਸੜਕਾਂ ਦੀ ਮਾੜੀ ਹਾਲਤ ਇਸ ਸਰਕਾਰ ਦੀ ਨਾਕਾਮੀ ਦਾ ਦਰਪਣ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ, ਕਿਹਾ ਕਿ ਜਿਹੜੀ ਸਰਕਾਰ ਲੋਕਾਂ ਨੂੰ ਬੁਨਿਆਦੀ ਢਾਂਚਾ ਵੀ ਮੁਹੱਈਆ ਨਹੀਂ ਕਰਵਾ ਸਕਦੀ, ਉਸਨੂੰ ਜਲਦ ਹੀ ਲੋਕਾਂ ਦੇ ਫਤਵੇ ਦਾ ਸਾਹਮਣਾ ਕਰਨਾ ਪਵੇਗਾ।
Click to Follow Babushahi Facebook page →