ਬਠਿੰਡਾ ਜ਼ਿਲ੍ਹੇ ਦੇ 826 ਪੋਲਿੰਗ ਬੂਥਾਂ ਤੇ ਦੋ ਰੰਗੇ ਬੈਲਟ ਪੇਪਰਾਂ ਰਾਹੀਂ ਵੋਟਾਂ ਪਾਉਣਗੇ ਸਾਢੇ ਛੇ ਲੱਖ ਵੋਟਰ
ਅਸ਼ੋਕ ਵਰਮਾ
ਬਠਿੰਡਾ, 9 ਦਸੰਬਰ 2025 : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਕੁੱਲ 826 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ ਅਤਿ ਸੰਵੇਦਨਸ਼ੀਲ 141, ਸੰਵੇਦਨਸ਼ੀਲ 409 ਅਤੇ ਗੈਰ ਸੰਵੇਦਨਸ਼ੀਲ 276 ਪੋਲਿੰਗ ਬੂਥ ਸ਼ਾਮਿਲ ਹਨ। ਇਨ੍ਹਾਂ ਪੋਲਿੰਗ ਬੂਥਾਂ ‘ਤੇ ਚੋਣ ਲੜ ਰਹੇ 511 ਉਮੀਦਵਾਰਾਂ ਲਈ ਜ਼ਿਲ੍ਹੇ ਦੇ 647802 ਵੋਟਰਾਂ ਵਲੋਂ ਦੋ ਰੰਗਾਂ ਦੇ ਬੈਲਟ ਪੇਪਰਾਂ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਕੁੱਲ 647802 ਵੋਟਰਾਂ ਵਿੱਚ ਮਰਦ 340376, ਔਰਤਾਂ 307417 ਅਤੇ 9 ਥਰਡ ਜੈਂਡਰ ਸ਼ਾਮਲ ਹਨ।
ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ 'ਚ ਵੱਧ ਤੋਂ ਵੱਧ ਸ਼ਾਮੂਲੀਅਤ ਕਰਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਬਲਾਕ ਸੰਗਤ ਵਿੱਚ 87, ਬਠਿੰਡਾ 90, ਗੋਨਿਆਣਾ 94, ਨਥਾਣਾ 102, ਫੂਲ 114, ਰਾਮਪੁਰਾ 105, ਮੌੜ 77 ਅਤੇ ਬਲਾਕ ਤਲਵੰਡੀ ਸਾਬੋ ‘ਚ 157 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਲਾਕ ਬਠਿੰਡਾ, ਸੰਗਤ, ਗੋਨਿਆਣਾ ਅਤੇ ਮੌੜ ਵਿੱਚ 15-15 ਪੰਚਾਇਤ ਸੰਮਤੀ ਜੋਨ ਸ਼ਾਮਲ ਹਨ। ਇਸੇ ਤਰ੍ਹਾਂ ਬਲਾਕ ਨਥਾਣਾ ‘ਚ 16, ਰਾਮਪੁਰਾ ਤੇ ਫੂਲ ਵਿੱਚ 18-18 ਅਤੇ ਬਲਾਕ ਤਲਵੰਡੀ ਸਾਬੋ ਵਿੱਚ 25 ਪੰਚਾਇਤ ਸੰਮਤੀ ਜੋਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ।