ਕਾਂਗਰਸ ਨੂੰ ਅਹੁਦਿਆਂ ਦੇ ਹਿਸਾਬ ਨਾਲ ‘ਰੇਟ ਲਿਸਟ’ ਲਗਾਉਣੀ ਚਾਹੀਦੀ: ਹਰਪਾਲ ਸਿੰਘ ਚੀਮਾ
*ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਉੱਤੇ ਵੱਟੀ ਚੁੱਪੀ ’ਤੇ ਚੁੱਕੇ ਸਵਾਲ*
*ਕਿਹਾ, ਭਾਜਪਾ ਵੀ ਘੱਟ ਦੋਸ਼ੀ ਨਹੀਂ*
ਚੰਡੀਗੜ੍ਹ 9 ਦਸੰਬਰ:
ਪੰਜਾਬ ਦੇ ਵਿੱਤ ਮੰਤਰੀ ਅਤੇ ਸੀਨੀਅਰ ਆਮ ਆਦਮੀ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ’ਤੇ ਕਾਂਗਰਸ ਪਾਰਟੀ ਨੂੰ ਘੇਰਦੇ ਹੋਏ ਅੱਜ ਸੁਝਾਅ ਦਿੱਤਾ ਕਿ ਪਾਰਟੀ ਨੂੰ ਆਪਣੇ ਦਫ਼ਤਰ ਦੇ ਬਾਹਰ ਇੱਕ ਬੋਰਡ ਲਗਾਉਣਾ ਚਾਹੀਦਾ ਹੈ ਜਿਸ 'ਤੇ ਅਹੁਦਿਆਂ ਦੇ ਹਿਸਾਬ ਨਾਲ ਰੇਟ ਲਿਸਟ ਲੱਗੀ ਹੋਵੇ। ਉਨ੍ਹਾਂ ਨੇ ਤੰਜ਼ ਕੱਸਦਿਆਂ ਕਿਹਾ ਕਿ ਇਹਨਾਂ ਬੋਰਡਾਂ ਤੋਂ ਲੋਕਾਂ ਨੂੰ ਮੁੱਖ ਮੰਤਰੀ, ਕੈਬਨਿਟ ਮੰਤਰੀ, ਸੰਸਦ ਮੈਂਬਰ, ਵਿਧਾਨ ਸਭਾ ਮੈਂਬਰ ਅਤੇ ਪੰਚਾਇਤ ਚੋਣਾਂ ਸਮੇਤ ਹੋਰ ਅਹੁਦਿਆਂ ਲਈ ਟਿਕਟਾਂ ਪ੍ਰਾਪਤ ਕਰਨ ਸਬੰਧੀ ਨਿਰਧਾਰਤ ਕੀਤੀ ਕੀਮਤ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇੱਥੇ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਗਏ ਦੋਸ਼ਾਂ ਕਿ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਦੀ ਟਿਕਟ 500 ਕਰੋੜ ਰੁਪਏ ਵਿੱਚ ਵਿਕੀ ਸੀ, ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਤੱਕ ਤਾਂ ਇਹ ਰੇਟ ਹੋਰ ਵੱਧ ਗਿਆ ਹੋਵੇਗਾ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਇਹ ਸਪੱਸ਼ਟ ਕਰਨ ਲਈ ਕੋਈ ਬਿਆਨ ਨਹੀਂ ਆਇਆ ਹੈ ਕਿ ਇਹ ਪੈਸਾ ਕਿੱਥੇ ਜਾਂਦਾ ਹੈ। ਉਨ੍ਹਾਂ ਸੁਨੀਲ ਜਾਖੜ ਵੱਲੋਂ ਲਗਾਏ ਦੋਸ਼ ਦਾ ਮੁੱਦਾ ਵੀ ਚੁੱਕਿਆ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਨੇ 350 ਕਰੋੜ ਰੁਪਏ ਵਿੱਚ ਮੁੱਖ ਮੰਤਰੀ ਦਾ ਅਹੁਦਾ ਹਾਸਲ ਕੀਤਾ ਸੀ। ਵਿੱਤ ਮੰਤਰੀ ਚੀਮਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਲ-ਨਾਲ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਮਾਮਲੇ ’ਤੇ ਧਾਰੀ ਹੈਰਾਨੀਜਨਕ ਚੁੱਪੀ ਵੱਲ ਵੀ ਇਸ਼ਾਰਾ ਕੀਤਾ।
ਕਰਨਾਟਕ ਦੇ ਉਪ ਮੁੱਖ ਮੰਤਰੀ ਦੇ ਬਿਆਨ, ਜਿਸ ਵਿੱਚ ਉਨ੍ਹਾਂ ਨਵਜੋਤ ਕੌਰ ਸਿੱਧੂ ਨੂੰ ਮਨੋਵਿਗਿਆਨਕ ਇਲਾਜ ਕਰਾਉਣ ਦੀ ਸਲਾਹ ਦਿੱਤੀ ਗਈ ਸੀ, ਦੀ ਸਖ਼ਤ ਆਲੋਚਨਾ ਕਰਦਿਆਂ ਵਿੱਤ ਮੰਤਰੀ ਨੇ ਨਵਜੋਤ ਕੌਰ ਸਿੱਧੂ ਪ੍ਰਤੀ ਕੈਂਸਰ ਸਰਵਾਈਵਰ ਵਜੋਂ ਹਮਦਰਦੀ ਪ੍ਰਗਟਾਈ ਅਤੇ ਕਿਹਾ ਕਿ ਕੈਂਸਰ ਵਿਰੁੱਧ ਆਪਣੀ ਜੰਗ ਜਿੱਤਣ ਤੋਂ ਬਾਅਦ ਹੁਣ ਉਹ ਪੰਜਾਬ ਦੇ ਲੋਕਾਂ ਲਈ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਨਹੀਂ ਸਗੋਂ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ‘ਮਨੋਵਿਗਿਆਨਕ ਇਲਾਜ’ ਦੀ ਲੋੜ ਹੈ।
ਕਾਂਗਰਸ ਦੇ ਭ੍ਰਿਸ਼ਟਾਚਾਰ ਦੀ ਇੱਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ 10 ਦਸੰਬਰ, 2021 ਨੂੰ ਪੰਜਾਬ ਭਵਨ ਵਿਖੇ ਦੋ ਮੰਤਰੀਆਂ ਵਿਚਕਾਰ ਹੋਈ ਲੜਾਈ ਦਾ ਚੇਤਾ ਕਰਵਾਇਆ, ਜਿਸ ਵਿੱਚ ਤਬਾਦਲਿਆਂ ਦੌਰਾਨ ਕੀਤੇ ਗਏ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸੀ ਆਗੂ ਅੱਜ ਵੀ ਵਿਧਾਇਕ ਅਤੇ ਸੰਸਦ ਮੈਂਬਰ ਵਜੋਂ ਪਾਰਟੀ ਵਿੱਚ ਸੇਵਾ ਨਿਭਾ ਰਹੇ ਹਨ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਘੱਟ ਦੋਸ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰਾਹੀਂ ਅਹੁਦੇ ਹਾਸਲ ਕਰਨ ਵਾਲੇ ਦੋ ਆਗੂ ਹੁਣ ਭਾਜਪਾ ਵਿੱਚ ਹਨ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਭਾਜਪਾ ਦੇ ਇਮਾਨਦਾਰੀ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਦੋਵਾਂ ਆਗੂਆਂ ਨੂੰ ਤੁਰੰਤ ਪਾਰਟੀ ਵਿੱਚੋਂ ਕੱਢ ਦੇਣਾ ਜਾਣਾ ਚਾਹੀਦਾ ਸੀ। ਉਨ੍ਹਾਂ ਸੁਨੀਲ ਜਾਖੜ ਵੱਲੋਂ ਕਈ ਸਾਲਾਂ ਤੱਕ ਚੁੱਪ ਵੱਟੀ ਰੱਖਣ ਦੀ ਕਰੜੀ ਨਿੰਦਿਆ ਕਰਦਿਆਂ ਕਿਹਾ ਕਿ ਜਾਖੜ ਦੁਆਰਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਲਿਖੇ ਸੰਵਿਧਾਨ ਦੀ ਵਾਰ-ਵਾਰ ਸਹੁੰ ਚੁੱਕਣ ਦੇ ਬਾਵਜੂਦ ਸੱਚਾਈ ਦਬਾਉਣ ਦਾ ਦੋਸ਼ੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ 2017 ਵਿੱਚ ’ਆਪ’ ਨੇ 20 ਸੀਟਾਂ ਜਿੱਤਣ ਉਪਰੰਤ ਵਿਰੋਧੀ ਧਿਰ ਵਿੱਚ ਹੁੰਦਿਆਂ 77 ਸੀਟਾਂ ਨਾਲ ਸਰਕਾਰ ਬਣਾਉਣ ਵਾਲੀ ਕਾਂਗਰਸ ਪਾਰਟੀ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਸਿਰਫ਼ ਦਲਿਤ ਭਾਈਚਾਰੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕਰਨ ਵਾਲੇ ਸਕਾਲਰਸ਼ਿਪ ਘੁਟਾਲੇ ਤੱਕ ਹੀ ਸੀਮਿਤ ਨਹੀਂ ਸੀ, ਸਗੋਂ ਇਸ ਵਿੱਚ ਕੈਬਨਿਟ ਮੰਤਰੀਆਂ ਦੇ ਬੱਚਿਆਂ ਅਤੇ ਰਿਸ਼ਤੇਦਾਰਾਂ ਲਈ ਨੌਕਰੀਆਂ ਯਕੀਨੀ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੈਬਨਿਟ ਮੀਟਿੰਗਾਂ ਵੀ ਸ਼ਾਮਲ ਸਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਦੇ ਉਲਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ’ਆਪ’ ਵੱਲੋਂ ਸੂਬੇ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹਰੇ ਪੈੱਨ ਦੀ ਪਹਿਲੀ ਵਾਰ ਵਰਤੋਂ ਆਮ ਘਰਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਕੀਤੀ ਗਈ ਸੀ। ਉਨ੍ਹਾਂ ਮਾਣ ਨਾਲ ਕਿਹਾ ਕਿ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦਿੱਤੀਆਂ ਗਈਆਂ ਹਨ।