ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਣ ਲੱਗਿਆ ਸਿਵਲ ਹਸਪਤਾਲ ਦਾ ਐਨ.ਸੀ.ਡੀ ਵਿਭਾਗ
ਅਸ਼ੋਕ ਵਰਮਾ
ਬਠਿੰਡਾ, 9 ਦਸੰਬਰ 2025 :ਜ਼ਿਲ੍ਹਾ ਹਸਪਤਾਲ ਬਠਿੰਡਾ ਦੇ ਐਨ.ਸੀ.ਡੀ ਕਲੀਨਿਕ ਵਿੱਚ 2012 ਤੋਂ ਹੁਣ ਤੱਕ ਕੁੱਲ 4544 ਕੈਂਸਰ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ ਜੋ ਸਿਹਤ ਵਿਭਾਗ ਦੀ ਵੱਡੀ ਸਫਲਤਾ ਹੈ। ਇਸਦੇ ਨਾਲ ਹੀ ਜਨਵਰੀ 2025 ਤੋਂ ਨਵੰਬਰ ਤੱਕ 284 ਨਵੇਂ ਕੈਂਸਰ ਮਰੀਜ਼ ਰਜਿਸਟਰ ਹੋਏ ਜਿਨ੍ਹਾਂ ਨੂੰ ਤੁਰੰਤ ਸਕਰੀਨਿੰਗ, ਡਾਇਗਨੋਸਿਸ ਅਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ ਇਹ ਜਾਣਕਾਰੀ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਵੱਲੋਂ ਐਨ.ਸੀ.ਡੀ ਵਿੰਗ ਦੇ ਦੌਰੇ ਦੌਰਾਨ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸੇ ਸਮੇਂ ਦੌਰਾਨ 1481 ਮਰੀਜ਼ਾਂ ਨੂੰ ਫਾਲੋਅਪ ਕੈਂਸਰ ਇਲਾਜ ਲਈ ਹਸਪਤਾਲ ਵਿੱਚ ਮੁੜ ਦਾਖਲਾ ਲਿਆ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਮਰੀਜ਼ਾਂ ਨੂੰ ਲਗਾਤਾਰ ਦੇਖਭਾਲ ਅਤੇ ਸਮੇਂ ਸਿਰ ਇਲਾਜ ਮਿਲ ਰਿਹਾ ਹੈ ਅਤੇ ਜਨਵਰੀ ਤੋਂ ਨਵੰਬਰ 2025 ਤੱਕ ਕੁੱਲ 528 ਕੀਮੋਥੈਰੇਪੀ ਸੈਸ਼ਨ ਪੂਰੇ ਕੀਤੇ ਗਏ ਜੋ ਪੂਰੀ ਤਰ੍ਹਾਂ ਮੁਫ਼ਤ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਐਨ.ਸੀ.ਡੀ ਕਲੀਨਿਕ ਰਾਹੀਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਸਟ੍ਰੋਕ, ਕੈਂਸਰ ਅਤੇ ਹੋਰ ਗੈਰ-ਸੰਚਾਰੀ ਬਿਮਾਰੀਆਂ ਦੀ ਮੁਫ਼ਤ ਸਕਰੀਨਿੰਗ, ਡਾਇਗਨੋਸਿਸ, ਇਲਾਜ ਅਤੇ ਫਾਲੋਅਪ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਕਲੀਨਿਕ ਮਰੀਜਾਂ ਨੂੰ ਲੰਬੇ ਸਮੇਂ ਤੱਕ ਬਚਾਅ ਅਤੇ ਸਮੇਂ ਸਿਰ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਦੱਸਿਆ ਕਿ ਐਨ.ਸੀ.ਡੀ ਕਲੀਨਿਕ ਵਿੱਚ ਮਰੀਜ਼ਾਂ ਲਈ ਵਿਸ਼ੇਸ਼ ਡੇ ਕੇਅਰ ਸਹੂਲਤ ਉਪਲਬਧ ਹੈ ਜਿਸ ਵਿੱਚ ਮਰੀਜ਼ ਦਿਨ ਦੌਰਾਨ ਇਲਾਜ ਲੈ ਕੇ ਆਪਣੇ ਘਰ ਵਾਪਸ ਜਾ ਸਕਦੇ ਹਨ। ਇਸ ਡੇ ਕੇਅਰ ਵਿੱਚ ਕੁੱਲ 10 ਬੈੱਡ ਕੈਂਸਰ ਮਰੀਜ਼ਾਂ ਲਈ ਰਾਖਵੇਂ ਹਨ ਤਾਂ ਜੋ ਉਨ੍ਹਾਂ ਨੂੰ ਸੁਵਿਧਾਜਨਕ ਅਤੇ ਤੁਰੰਤ ਇਲਾਜ ਮਿਲ ਸਕੇ। ਇਸਦੇ ਨਾਲ ਹੀ 4 ਬੈੱਡ ਪੈਲੀਏਟਿਵ ਕੇਅਰ ਲਈ ਰਾਖਵੇਂ ਕੀਤੇ ਗਏ ਹਨ, ਜਿੱਥੇ ਗੰਭੀਰ ਅਤੇ ਲੰਬੇ ਸਮੇਂ ਚੱਲਣ ਵਾਲੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਉਹਨਾਂ ਦੱਸਿਆ ਕਿ ਇੱਥੇ ਮੁਫ਼ਤ ਕੀਮੋਥੈਰੇਪੀ ਸੇਵਾ ਦਿੱਤੀ ਜਾ ਰਹੀ ਹੈ, ਜਿਸ ਦਾ ਲਾਭ ਵੱਡੀ ਗਿਣਤੀ ਵਿੱਚ ਕੈਂਸਰ ਮਰੀਜ਼ ਲੈ ਰਹੇ ਹਨ। ਇਸਦੇ ਨਾਲ ਨਾਲ ਬਲੱਡ ਟ੍ਰਾਂਸਫਿਊਜ਼ਨ ਅਤੇ I.V ਸੇਵਾਵਾਂ ਵੀ ਫਰੀ ਉਪਲਬਧ ਹਨ, ਜੋ ਇਲਾਜ ਪ੍ਰਕਿਰਿਆ ਨੂੰ ਹੋਰ ਸਹੂਲਤਮੰਦ ਬਣਾਉਂਦੀਆਂ ਹਨ। ਸਿਵਲ ਸਰਜਨ ਨੇ ਸਿਹਤ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੈਂਸਰ ਜਿਹੀ ਗੰਭੀਰ ਬਿਮਾਰੀ ਨਾਲ ਲੜ ਰਹੇ ਮਰੀਜ਼ਾਂ ਨੂੰ ਮੁਫ਼ਤ, ਗੁਣਵੱਤਾ ਭਰਿਆ ਅਤੇ ਨਿਰੰਤਰ ਇਲਾਜ ਪ੍ਰਦਾਨ ਕਰਨਾ ਸਿਹਤ ਵਿਭਾਗ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ,ਕੈਂਸਰ ਦੇ ਮਾਹਿਰ ਡਾ ਵੰਦਨਾ ਮਿੱਢਾ,ਡਾ ਪੁਨੀਤ ਸਲੂਜਾ,ਡਾ ਜਸ਼ਨਪ੍ਰੀਤ,ਡਾ ਵਿਕਾਸ,ਡਾ ਕਰਨ ਅਬਰੋਲ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ,ਬੀ.ਈ.ਈ ਪਵਨਜੀਤ ਕੌਰ,ਇੰਦੂ ਗੁਪਤਾ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ ।