ਇਨਕਲਾਬੀ ਕੇਂਦਰ ਵੱਲੋਂ ਚੋਣਾਂ ਦੀ ਥਾਂ ਲੋਕਾਂ ਦੀ ਪੁੱਗਤ ਵਾਲਾ ਜਮਹੂਰੀ ਪ੍ਰਬੰਧ ਸਿਰਜਣ ਦਾ ਸੱਦਾ
ਅਸ਼ੋਕ ਵਰਮਾ
ਬਰਨਾਲਾ,9 ਦਸੰਬਰ 2025 :ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਬਰਨਾਲਾ ਵੱਲੋਂ 'ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ-ਪੈਸੇ, ਨਸ਼ੇ ਅਤੇ ਸਿਆਸੀ ਚੌਧਰ ਦੀ ਖੇਡ' ਵਿਸ਼ੇ ਸਬੰਧੀ ਵਿਚਾਰ ਚਰਚਾ ਡਾ ਰਜਿੰਦਰ ਪਾਲ ਦੀ ਅਗਵਾਈ ਹੇਠ ਤਰਕਸ਼ੀਲ ਭਵਨ ਬਰਨਾਲਾ ਕਰਵਾਈ ਗਈ। ਮੌਜੂਦਾ ਵਿਸ਼ੇ ਦੀ ਵਿਆਖਿਆ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ ਰਜਿੰਦਰ ਪਾਲ ਨੇ ਕੀਤੀ। ਬੁਲਾਰਿਆਂ ਵਜੋਂ ਵਿਸ਼ੇਸ਼ ਤੌਰ 'ਤੇ ਮੁੱਖ ਬੁਲਾਰੇ ਵਜੋਂ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਏ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਭਾਕਿਯੂ ਏਕਤਾ ਡਕੌਂਦਾ ਦੇ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਇਨਕਲਾਬੀ ਕੇਂਦਰ ਦੇ ਆਗੂ ਜਸਪਾਲ ਚੀਮਾ, ਨੌਜਵਾਨ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਜਾਂ ਕੋਈ ਹੋਰ, ਲੋਕਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀਆਂ ਸਰਕਾਰੀ ਸੰਸਥਾਵਾਂ ਦੀਆਂ ਹੋਣ, ਇਹ ਭਾਈਚਾਰਾ ਬਣਾਉਣ ਲਈ ਨਹੀਂ ਬਲਕਿ ਪੇਂਡੂ ਭਾਈਚਾਰਾ ਤੋੜਨ ਦਾ ਸਾਧਨ ਹਨ।
ਉਹਨਾਂ ਕਿਹਾ ਕਿ ਇਸ ਉੱਪਰ ਪਿੰਡਾਂ ਦੇ ਵੱਡੇ ਭੂਮੀਪਤੀ ਅਤੇ ਹਾਕਮ ਜਮਾਤਾਂ ਦੇ ਸਿਆਸੀ ਘੜੰਮ ਚੌਧਰੀ ਕਾਬਜ਼ ਹੋ ਕੇ ਲੋਕਾਂ ਉੱਪਰ ਆਪਣਾ ਅਤੇ ਹਕੂਮਤ ਦਾ ਦਾਬਾ ਕਾਇਮ ਕਰਦੇ ਹਨ। ਇਹ ਲੋਕਾਂ ਨੂੰ ਧਰਮਾਂ, ਜਾਤਾਂ, ਗੋਤਾਂ, ਠੁਲਿਆਂ, ਪੱਤੀਆਂ ਆਦਿ ਨਾਵਾਂ 'ਤੇ ਪਾੜਦੇ ਹਨ। ਨਸ਼ੇ ਸ਼ਰਾਬ ਦੀ ਅੰਨ੍ਹੀ ਵਰਤੋਂ ਕਰਕੇ ਲੋਕਾਂ ਦੇ ਦਿਮਾਗ ਨੂੰ ਕੁੰਦ (ਖੁੰਢਾ) ਕਰਦੇ ਹਨ। ਪੈਸੇ, ਬਦਮਾਸ਼ੀ ਤੇ ਹਕੂਮਤੀ ਤਾਕਤ ਦੇ ਜੋਰ ਲੋਕਾਂ ਨੂੰ ਖ੍ਰੀਦਦੇ ਅਤੇ ਉਨ੍ਹਾਂ ਉੱਪਰ ਦਬਸ਼ ਪਾਉਂਦੇ ਹਨ। ਵਿਕਾਸ ਦੇ ਨਾਂ ਤੇ ਪਿੰਡਾਂ ਨੂੰ ਮਿਲਦੀਆਂ ਗ੍ਰਾਂਟਾਂ, ਫੰਡਾਂ ਅਤੇ ਪਿੰਡ ਦੀ ਆਮਦਨ ’ਚੋਂ ਵੱਡੀਆਂ ਰਕਮਾਂ ਨਾ ਸਿਰਫ਼ ਆਪ ਹੜੱਪਦੇ ਹਨ ਸਗੋਂ ਵੱਖ-ਵੱਖ ਕੰਮਾਂ ਦੇ ਠੇਕੇਦਾਰਾਂ, ਸਰਕਾਰੀ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਵੀ ਇਸ ਵਿੱਚੋਂ ਵੱਡੇ ਹਿੱਸੇ ਛਕਣ ਦਾ ਰਾਹ ਪੱਧਰਾ ਕਰਦੇ ਹਨ। ਇਸ ਤਰ੍ਹਾਂ ਇਨ੍ਹਾਂ ਦੇ ਭ੍ਰਿਸ਼ਟਾਚਾਰ ਸਦਕਾ ਪਿੰਡਾਂ ਦੇ ਵਿਕਾਸ ਉੱਪਰ ਬਹੁਤ ਮਮੂਲੀ ਪੈਸਾ ਲੱਗਦਾ ਹੈ ਅਤੇ ਜੋ ਲੱਗਦਾ ਹੈ ਉਹ ਇਸ ਲੁਟੇਰੇ ਅਤੇ ਭ੍ਰਿਸ਼ਟ ਰਾਜ ਪ੍ਰਬੰਧ ਦੀ ਉਮਰ ਲੰਮੀ ਕਰਨ ਵਾਸਤੇ ਵਰਤਿਆ ਜਾਂਦਾ ਹੈ।
ਉਹਨਾਂ ਕਿਹਾ ਕਿ ਕੇਂਦਰੀ ਹਕੂਮਤ ਦੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਪੱਖੀ ਨੀਤੀਆਂ ਦਾ ਮਾਮਲਾ ਹੋਵੇ, ਮਹਿਲਕਲਾਂ ਲੋਕ ਘੋਲ ਸਮੇਤ ਔਰਤਾਂ ਅਤੇ ਦਲਿਤਾਂ ਖ਼ਿਲਾਫ਼ ਹੁੰਦੇ ਜ਼ਬਰ, ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗਰੀਬੀ, ਸਿਹਤ , ਸਿੱਖਿਆ, ਰੇਲਵੇ,ਬਿਜਲੀ ਬੋਰਡ, ਟਰਾਂਸਪੋਰਟ, ਬੈਂਕ, ਬੀਮਾ, ਜਲ, ਜੰਗਲ਼, ਜ਼ਮੀਨ ਸਮੇਤ ਕੁਦਰਤੀ ਸੋਮੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਸੌਂਪਣ, ਵਾਤਾਵਰਣ, ਜ਼ਮੀਨਾਂ ਦੀਆਂ ਕੁਰਕੀਆਂ, ਡੈਮ ਸੇਫਟੀ ਐਕਟ, ਲੈਂਡ ਪੂਲਿੰਗ ਪਾਲਿਸੀ, ਭਾਈਚਾਰਕ ਸਾਂਝ ਨੂੰ ਤੋੜਨ ਲਈ ਫ਼ਿਰਕੂ ਏਜੰਡੇ ਤਹਿਤ ਭੱਈਏ ਭਜਾਓ ਮੁਹਿੰਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਬਿਜਲੀ ਬੋਰਡ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣ, ਬਿਜਲੀ ਸੋਧ ਬਿਲ-2025, ਭਗਵਾਂਕਰਨ ਲਾਗੂ ਕਰਨ ਦੀ ਨਵੀਂ ਸਿੱਖਿਆ ਨੀਤੀ-2020, ਪੰਜਾਬ ਦਾ 50 ਕਿਲੋਮੀਟਰ ਬਾਰਡਰ ਇਲਾਕਾ ਕੇਂਦਰ ਦੇ ਹਵਾਲੇ ਕਰਨ, ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ, ਚੰਡੀਗੜ੍ਹ ਉੱਪਰ ਸਿੱਧੇ ਕੇਂਦਰ ਦੇ ਕਬਜ਼ੇ ਦੀ ਤਿਆਰੀ, ਨਵੇਂ ਲਾਗੂ ਕੀਤੇ 4 ਕਿਰਤ ਕੋਡ, ਬੀਜ ਸੋਧ ਬਿੱਲ, ਅਫਸਰਸ਼ਾਹੀ, ਪੁਲਿਸ, ਠੇਕੇਦਾਰਾਂ ਅਤੇ ਪੇਂਡੂ ਚੌਧਰੀਆਂ ਦੀ ਧੱਕੇਸ਼ਾਹੀ, ਗੁੰਡਾਗਰਦੀ, ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਮਸਲਾ ਹੋਵੇ, ਪਰਾਲੀ ਸਾੜਨ, ਹੜ੍ਹ ਪੀੜਤਾਂ ਦੀ ਮੱਦਦ ਦਾ ਸਵਾਲ ਹੋਵੇ, ਇਹ ਲੋਕ ਚੁੱਪ ਚੁਪੀਤੇ ਦੜ ਵੱਟੀ ਰੱਖਦੇ ਹਨ। ਆਗੂਆਂ ਕਿਹਾ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਸਮੇਤ ਸਮੁੱਚੀਆਂ ਲੋਕ ਵਿਰੋਧੀ ਪਾਰਲੀਮਾਨੀ ਚੋਣਾਂ ਦੀ ਖੇਡ ਤੋਂ ਭਲੇ ਦੀ ਝਾਕ ਛੱਡਦਿਆਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਵਾਉਣ ਲਈ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਜਮਾਤੀ, ਤਬਕਾਤੀ ਸੰਘਰਸ਼ਾਂ ਦਾ ਝੰਡਾ ਬੁਲੰਦ ਕਰਨ, ਲੋਕਾਂ ਦੀ ਪੁੱਗਤ ਵਾਲੇ ਅਦਾਰੇ ਕਾਇਮ ਕਰਨ ਦੀ ਇਨਕਲਾਬੀ ਲੋਕ ਪੱਖੀ ਸਿਆਸਤ ਬਾਰੇ ਚੇਤੰਨ ਹੋਣ, ਜਾਬਰ ਫਿਰਕੂ ਫਾਸ਼ੀ ਰਾਜ ਖਿਲਾਫ਼ ਜੂਝਦੇ ਹੋਏ ਲੋਕਾਂ ਦੀ ਪੁੱਗਤ ਵਾਲਾ, ਗ਼ਦਰੀ ਬਾਬਿਆਂ,
ਭਗਤ ਸਰਾਭਿਆਂ ਦੇ ਸੁਪਨਿਆਂ ਦਾ ਬਰਾਬਰੀ ਵਾਲਾ ਨਵਾਂ ਜਮਹੂਰੀ ਪ੍ਰਬੰਧ ਸਥਾਪਿਤ ਕਰਨ ਲਈ ਧੜੱਲੇ ਨਾਲ ਅੱਗੇ ਆਉਂਦਿਆਂ ਇਸ ਮੁਹਿੰਮ ਨੂੰ ਪੂਰੀ ਤਾਕਤ ਨਾਲ ਘਰ ਘਰ ਲੈਕੇ ਜਾਣ ਦੀ ਠੋਸ ਵਿਉਂਤਬੰਦੀ ਕੀਤੀ ਗਈ। ਖੁੱਡੀ ਕਲਾਂ, ਚੀਮਾ, ਜੋਧਪੁਰ, ਅਮਲਾ ਸਿੰਘ ਵਾਲਾ, ਹਮੀਦੀ, ਠੁੱਲੀਵਾਲ, ਮਾਂਗੇਵਾਲ, ਕੁਰੜ, ਹਰਦਾਸਪੁਰਾ, ਮਹਿਲਕਲਾਂ,ਧਨੇਰ, ਮੂੰਮ ਆਦਿ ਦਰਜਨ ਦੇ ਕਰੀਬ ਪਿੰਡਾਂ ਵਿੱਚ ਘਰ ਘਰ ਜਾਕੇ ਲੀਫਲੈੱਟ ਵੰਡਣ ਦਾ ਫ਼ੈਸਲਾ ਕੀਤਾ ਗਿਆ। ਇਸ ਸਮੇਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸਿੰਘ ਠੁੱਲੀਵਾਲ, ਡਾ ਅਮਰਜੀਤ ਸਿੰਘ ਕਾਲਸਾਂ, ਡਾ ਜੰਗ ਸਿੰਘ, ਅਮਰਜੀਤ ਕੌਰ, ਨੀਲਮ ਰਾਣੀ, ਮਜੀਦ ਖਾਂ, ਅਜਮੇਰ ਸਿੰਘ ਕਾਲਸਾਂ, ਗੁਲਵੰਤ ਸਿੰਘ ਬਰਨਾਲਾ, ਬਲਵੰਤ ਸਿੰਘ ਉੱਪਲੀ, ਸੰਦੀਪ ਸਿੰਘ ਚੀਮਾ, ਜਗਮੀਤ ਸਿੰਘ, ਮੁਨੀਸ਼ ਕੁਮਾਰ, ਬਲਵੰਤ ਸਿੰਘ ਬਰਨਾਲਾ, ਹੇਮ ਰਾਜ, ਰਾਮ ਲਖਣ, ਕਮਲਜੀਤ ਸਿੰਘ, ਪਿਸ਼ੌਰਾ ਸਿੰਘ ਹਮੀਦੀ ਆਦਿ ਆਗੂ ਵੀ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਘਰ ਘਰ ਮੁਹਿੰਮ ਲਈ ਵੰਡਿਆ ਜਾਣ ਵਾਲਾ ਲੀਫਲੈੱਟ ਜਾਰੀ ਕੀਤਾ।