ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਨਸ਼ੀਲੇ ਪਦਾਰਥਾਂ ਦੇ ਵਿਸ਼ੇ 'ਤੇ ਸਮਾਗਮ: ਸੁਖਵਿੰਦਰ ਬਿੰਦਰਾ ਨੇ ਮਹਿਮਾਨ ਵਜੋਂ ਭਰੀ ਹਾਜ਼ਰੀ
ਪਟਿਆਲਾ, 9 ਦਸੰਬਰ 2025: ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ ਡੀਨ ਅੰਤਰਰਾਸ਼ਟਰੀ ਮਾਮਲਿਆਂ ਦਫਤਰ ਦੇ ਸਹਿਯੋਗ ਨਾਲ "Wellness in Modern Times: Prevention of Lifestyle Diseases & Drug Abuse" ਵਿਸ਼ੇ 'ਤੇ ਲੈਕਚਰ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸੁਖਵਿੰਦਰ ਸਿੰਘ ਬਿੰਦਰਾ ਮੈਂਬਰ (ਐਨ.ਆਈ.ਐਸ.ਡੀ.) ਅਤੇ ਵਿਸ਼ੇਸ਼ ਮੈਂਬਰ (ਐਨ.ਸੀ.ਸੀ.ਡੀ.ਆਰ.), ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, (ਭਾਰਤ ਸਰਕਾਰ) ਨੇ ਮੁੱਖ ਮਹਿਮਾਨ ਵਜੋਂ ਆਪਣੀ ਹਾਜ਼ਰੀ ਭਰ ਕੇ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਬਿੰਦਰਾ ਜੀ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਹੱਤਤਾ ਉਤੇ ਜ਼ੋਰ ਦਿੱਤਾ।
ਇਸ ਮੌਕੇ ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਨ ਲਈ ਹਮੇਸ਼ਾ ਕੋਸ਼ਿਸ ਕਰਦਾ ਹੈ। ਬਿੰਦਰਾ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਅਤੇ ਸਮਾਜਿਕ ਨਿਆਂ ਮੰਤਰਾਲੇ ਦੇ ਮੰਤਰੀ ਵਰਿੰਦਰ ਕੁਮਾਰ ਮਿਲ ਕੇ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ ਅਤੇ ਨੌਜਵਾਨਾਂ ਦੀ ਭਲਾਈ, ਵਿਕਾਸ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਬਿੰਦਰਾ ਨੇ ਨਸ਼ੇ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਯੁਵਾ ਸਸ਼ਕਤੀਕਰਨ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਵੀ ਵੰਡੀਆਂ ਜਾਣਗੀਆਂ। ਅਖੀਰ 'ਚ ਬਿੰਦਰਾ ਨੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੈਬਨਿਟ ਮੰਤਰੀ ਡਾ. ਵਰਿੰਦਰ ਕੁਮਾਰ ਦਾ ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਮੁਹਿੰਮ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਬਿੰਦਰਾ ਨੇ ਡੀਨ ਇੰਜੀਨੀਅਰਿੰਗ ਪ੍ਰੋ. ਮਨਜੀਤ ਸਿੰਘ ਭੰਮਰਾ ਸਮੇਤ ਬਾਕੀ ਸਤਿਕਾਰਯੋਗ ਹਸਤੀਆਂ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਧੰਨਵਾਦ ਕੀਤਾ ਗਿਆ। ਮੁੱਖ ਬੁਲਾਰੇ ਡਾ. ਰਵਨੀਤ ਕੌਰ ਚੱਕਲ (ਮੈਡੀਕਲ ਅਫਸਰ, PCMS), ਡਾ. ਜਗਜੀਤ ਸਿੰਘ ਚੱਠਾ, ਡੀਨ ਇੰਟਰਨੈਸ਼ਨਲ ਮਾਮਲਿਆਂ ਅਤੇ ਮੁਖੀ, ਮਨੋਵਿਗਿਆਨ ਵਿਭਾਗ, ਪ੍ਰੋ. ਦਮਨਜੀਤ ਸਿੰਧੂ ਅਤੇ ਮੁਖੀ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਪ੍ਰੋ. ਵਿਨੋਦ ਕੁਮਾਰ, ਨੇ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡੀਨ ਇੰਜੀਨੀਅਰਿੰਗ ਪ੍ਰੋ. ਮਨਜੀਤ ਸਿੰਘ ਭੰਮਰਾ, ਡਾ. ਜਗਪ੍ਰੀਤ ਕੌਰ (ਪ੍ਰੋਵੋਸਟ ਕੁੜੀਆਂ), ਸੀਨੀਅਰ ਵਾਰਡਨ ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਸੰਦੀਪ ਸਿੰਘ, ਡਾ. ਨੀਲੋਫ਼ਰ ਸੋਹੀ ਅਤੇ ਡਾ. ਦੇਵਿੰਦਰ ਸਿੰਘ ਵੀ ਹਾਜ਼ਰ ਰਹੇ। ਇਸ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਨੇ ਉਤਸ਼ਾਹਪੂਰਨ ਭਾਗੀਦਾਰੀ ਕੀਤੀ।