ਹਾਲਾਤ ਨੂੰ ਦੇਖਦੇ ਹੋਏ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਲੋੜ ਮੁਤਾਬਿਕ ਹਥਿਆਰਾਂ ਦੇ ਲਾਈਸੈਂਸ ਦਿੱਤੇ ਜਾਣ
ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਦੇ ਖਿਲਾਫ ਵਪਾਰ ਮੰਡਲ ਨੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ
ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਨੂੰ ਗੰਭੀਰਤਾਂ ਨਾਲ ਸੁਧਾਰਨ ਸਬੰਧੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਗੁਰਦਾਸਪੁਰ ਦਾ ਵਫ਼ਦ ਜ਼ਿਲਾ ਪ੍ਰਧਾਨ ਦਰਸ਼ਨ ਮਹਾਜਨ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਦਿੱਤਾ।
ਗੱਲਬਾਤ ਕਰਦਿਆ ਜ਼ਿਲਾ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਪੰਜਾਬ ਦੀ ਨਿੱਤ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਹਰ ਰੋਜ਼ ਹੋ ਰਹੀਆਂ ਲੁੱਟਾਂ, ਖੋਹਾਂ , ਫਿਰੌਤੀਆਂ , ਧਮਕੀਆਂ ਤੇ ਕਤਲ ਦੀਆਂ ਘਟਨਾਵਾਂ ਆਮ ਗੱਲ ਹੋ ਰਹੀ ਹੈ। ਜਿਸ ਨਾਲ ਪੰਜਾਬ ਦਾ ਆਮ ਨਾਗਰਿਕ , ਵਪਾਰੀ, ਦੁਕਾਨਦਾਰ ਸਹਿਮ ਦੇ ਮਾਹੌਲ ਵਿਚ ਜਿਉਣ ਲਈ ਮਜ਼ਬੂਰ ਹੈ। ਦੇਸ਼ ਵਿਰੋਧੀ ਮਾੜੇ ਅਨਸਰਾਂ ਨੇ ਪੰਜਾਬ ਦਾ ਮਾਹੌਲ ਇਸ ਕਦਰ ਖਰਾਬ ਕਰ ਦਿੱਤਾ ਹੈ ਕਿ ਪੰਜਾਬ ਦੇ ਵਪਾਰੀ ਦੁਕਾਨਦਾਰ ਹੀ ਇਸ ਦਾ ਨਿਸ਼ਾਨਾ ਬਣ ਰਹੇ ਹਨ। ਵਪਾਰੀ ,ਦੁਕਾਨਦਾਰ ਅਜਿਹਾ ਵਰਗ ਹੈ ਜੋ ਆਪਣਾ ਕਾਰੋਬਾਰ ਕਰਦਾ ਹੈ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੰਦਾ ਹੈ। ਜਿਸ ਨਾਲ ਉਨਾਂ ਦੇ ਪਰਿਵਾਰ ਵੀ ਪਲ ਰਹੇ ਹਨ। ਸਰਕਾਰ ਦੇ ਖਜ਼ਾਨੇ ਵਿਚ ਟੈਕਸਾ ਦੇ ਰੂਪ ਵਿਚ ਵੱਡੀ ਮਾਲੀ ਮਦਦ ਕਰਦਾ ਹੈ, ਪਰ ਇਹ ਵਰਗ ਇਸ ਵਕਤ ਸਭ ਤੋਂ ਵੱਧ ਅਸੁਰੱਖਿਅਤ ਹੈ। ਪੰਜਾਬ ਦਾ ਕੋਈ ਅਜਿਹਾ ਸ਼ਹਿਰ, ਕਸਰਾ ਨਹੀਂ, ਜਿੱਥੇ ਵਪਾਰੀ ਦਾ ਕਤਲ ਤੇ ਲੁੱਟ ਖੋਹ ਨਾ ਹੋਈ ਹੋਵੇ। ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਵਾਸਤੇ ਸੁਰੱਖਿਆ ਦੇ ਵਿਸ਼ੇਸ ਪ੍ਰਬੰਧ ਕੀਤੇ ਜਾਣ ਤਾਂ ਜੋ ਇੱਥੋਂ ਦੇ ਨਾਗਰਿਕ ਤੇ ਵਪਾਰੀ ਸੁੱਖ ਸ਼ਾਂਤੀ ਨਾਲ ਕਾਰੋਬਾਰ ਕਰਨ ਤੇ ਵੱਸ ਸਕਣ।
ਸਾਡੀ ਮੰਗ ਹੈ ਕਿ ਪੰਜਾਬ ਵਿਚ ਜਿਹੜੇ ਵਪਾਰੀ ਦੁਕਾਨਦਾਰ ਸ਼ਹੀਦ ਹੋਏ ਹਨ, ਉਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਵਪਾਰੀਆਂ ਨੂੰ ਆਤਮ ਸੁਰੱਖਿਆ ਵਾਸਤੇ ਹਥਿਆਰ ਦਿੱਤੇ ਜਾਣ ਤਾਂ ਜੋ ਵਪਾਰੀ ਹਥਿਆਰ ਦਾ ਲਾਇਸੰਸ ਲੈਣਾ ਚਾਹੰੁਦਾ ਹੈ ਉਨਾਂ ਨੂੰ ਪਹਿਲ ਦੇ ਆਧਾਰ ’ਤੇ ਅਸਲਾ ਲਾਇਸੰਸ ਦਿੱਤਾ ਜਾਵੇ। ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਜਿੰਨਾਂ ਵਪਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ, ਉਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਸਕਿਊਰਿਟੀ ਮੁਹੱਈਆਂ ਕਰਵਾਈ ਜਾਵੇ।
ਇਸ ਮੌਕੇ ’ਤੇ ਜੋਗਿੰਦਰ ਪਾਲ ਤੁਲੀ, ਪਵਨ ਕੋਛੜ, ਜੁਗਲ ਮਹਾਜਨ, ਅਜੇ ਸੂਰੀ, ਗੌਰਵ ਮਹਾਜਨ, ਸੁਰਿੰਦਰ ਮਹਾਜਨ, ਪੰਕਜ ਮਹਾਜਨ , ਓਮ ਪ੍ਰਕਾਸ਼ ਸ਼ਰਮਾ ,ਯੋਗਰਾਜ ਮਹਾਜਨ, ਮਿੰਟਾਂ ਸੂਰੀ ,ਦੀਪਕ ਮਹਾਜਨ, ਅਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।