ਅਨਮੋਲ ਮੁਸਕਾਨ ਚੈਰੀਟੇਬਲ ਟਰੱਸਟ ਅਤੇ ਐਨ.ਜੀ.ਓ. ਆਗਾਜ਼ ਵੱਲੋਂ ਜਲੰਧਰ ਵਿੱਚ ਨੌਜਵਾਨ ਲੜਕੀ ਦੀ ਬੇਰਹਿਮ ਹੱਤਿਆ ‘ਤੇ ਗਹਿਰਾ ਦੁੱਖ ਪ੍ਰਗਟ
ਜਲੰਧਰ 2 ਦਸੰਬਰ, 2025
ਅਨਮੋਲ ਮੁਸਕਾਨ ਕ੍ਰਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਅਮਰਜੀਤ ਕੌਰ ਪੂਜਾ ਅਤੇ ਐਨ.ਜੀ.ਓ. ਆਗਾਜ਼ ਦੇ ਸਕੱਤਰ ਸ੍ਰੀ ਗੁਰਵਿੰਦਰ ਸਿੰਘ ਭਾਟੀਆ ਨੇ ਕੱਲ੍ਹ ਜਲੰਧਰ ਵਿੱਚ ਕੁਝ ਦਿਨ ਪਹਿਲਾਂ ਬੇਰਹਿਮੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਕੀਤੀ ਗਈ ਨੌਜਵਾਨ ਲੜਕੀ ਦੇ ਪਰਿਵਾਰ ਨਾਲ ਮਿਲ ਕੇ ਡੂੰਘਾ ਅਫਸੋਸ, ਦੁੱਖ ਅਤੇ ਹਮਦਰਦੀ ਪ੍ਰਗਟ ਕੀਤੀ।
ਪਰਿਵਾਰ ਨਾਲ ਮੁਲਾਕਾਤ ਦੌਰਾਨ ਦੋਵੇਂ ਸਮਾਜਸੇਵੀ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਪੂਰੇ ਪੰਜਾਬ ਦੇ ਜ਼ਮੀਰ ਨੂੰ ਝੰਜੋੜ ਦੇਣ ਵਾਲੀਆਂ ਹਨ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਲਈ ਸਮਾਜ ਨੂੰ ਇਕੱਠੇ ਹੋਣ ਦੀ ਲੋੜ ਹੈ।
ਇਸ ਮੌਕੇ ਅਮਰਜੀਤ ਕੌਰ ਪੂਜਾ ਅਤੇ ਸ੍ਰੀ ਗੁਰਵਿੰਦਰ ਸਿੰਘ ਭਾਟੀਆ ਨੇ ਪੰਜਾਬ ਸਰਕਾਰ ਤੋਂ ਤੁਰੰਤ ਅਤੇ ਹਰ ਸੰਭਵ ਮਦਦ ਪੀੜਤ ਪਰਿਵਾਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਭ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਲਈ ਮਜ਼ਬੂਤ, ਕਾਰਗਰ ਅਤੇ ਜ਼ਮੀਨੀ ਪੱਧਰ ‘ਤੇ ਲਾਗੂ ਹੋਣ ਵਾਲੀਆਂ ਨੀਤੀਆਂ ਤੁਰੰਤ ਤਿਆਰ ਕਰਕੇ ਲਾਗੂ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਇਹ ਸਮਾਂ ਸਿਆਸੀ ਦਾਅਵਿਆਂ ਜਾਂ ਬਿਆਨਾਂ ਦਾ ਨਹੀਂ, ਸਗੋਂ ਸੰਵੇਦਨਸ਼ੀਲ ਜ਼ਿੰਮੇਵਾਰੀਆਂ ਨਿਭਾਉਣ ਦਾ ਸਮਾਂ ਹੈ। ਹਰ ਮਾਂ, ਭੈਣ ਅਤੇ ਧੀ ਦੀ ਇੱਜ਼ਤ ਅਤੇ ਸੁਰੱਖਿਆ ਯਕੀਨੀ ਬਣਾਉਣਾ, ਪੰਜਾਬ ਸਰਕਾਰ ਅਤੇ ਸਮਾਜ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ।