ਸਨਸਿਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਹਫ਼ਤਾਵਾਰ ਇਕੱਤਰਤਾ
ਹਰਦਮ ਮਾਨ
ਵੈਨਕੂਵਰ, 2 ਦਸੰਬਰ 2025- ਸਨਸਿਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਦੀ ਹਫ਼ਤਾਵਾਰ ਬੈਠਕ ਰੂਹਾਨੀ, ਵਿਗਿਆਨਕ ਅਤੇ ਸਮਾਜਿਕ ਚਰਚਾਵਾਂ ਨਾਲ ਰੰਗੀ ਰਹੀ, ਜਿਸ ਵਿੱਚ ਮੈਂਬਰਾਂ ਨੇ ਦੋ ਸਾਥੀਆਂ ਦੇ ਜਨਮ ਦਿਨ ਮਨਾਏ ਅਤੇ ਵੱਖ–ਵੱਖ ਮੁੱਦਿਆਂ ‘ਤੇ ਵਿਚਾਰ ਵੀ ਸਾਂਝੇ ਕੀਤੇ।
ਸਭਾ ਦੇ ਵਿਸ਼ੇਸ਼ ਬੁਲਾਰੇ ਡਾ. ਜਗਜੀਤ ਸਿੰਘ ਨੇ ਜਵਾਲਾਮੁਖੀ ਫਟਣ ਅਤੇ ਭੂਚਾਲ ਦੇ ਕਾਰਣਾਂ ‘ਤੇ ਵਿਗਿਆਨਕ ਜਾਣਕਾਰੀ ਦਿੱਤੀ। ਉਹਨਾਂ ਨੇ ਹਰ ਮਨੁੱਖ ਵਿੱਚ ਤਰਕਸ਼ੀਲ ਅਤੇ ਵਿਗਿਆਨਕ ਸੋਚ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਗੁਰਚਰਨ ਸਿੰਘ ਵੜੈਚ ਨੇ ਗੁਰੂ ਤੇਗ ਬਹਾਦਰ ਜੀ ਵੱਲੋਂ ਮਾਝੇ–ਮਾਲਵੇ ਵਿੱਚ ਕੀਤੇ ਧਾਰਮਿਕ ਪ੍ਰਚਾਰ ਦਾ ਇਤਿਹਾਸਕ ਵੇਰਵਾ ਪੇਸ਼ ਕੀਤਾ। ਜ਼ਿਲੇ ਸਿੰਘ ਅਤੇ ਸੁਰਜੀਤ ਸਿੰਘ ਭੱਟੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਸਭਾ ਦੇ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੋਪਾਰਾਏ ਨੇ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਰੈਲੀ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਚਲਾਈ ਜਾ ਰਹੀ ਹੱਕਾਂ ਦੀ ਲੜਾਈ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹੀ ਉਹ ਜਜ਼ਬਾ ਹੈ ਜਿਸ ਨਾਲ ਲੋਕ ਗੁਰੂਆਂ, ਸ਼ਹੀਦਾਂ ਅਤੇ ਗਦਰੀਆਂ ਦੇ ਰਸਤੇ ‘ਤੇ ਚੱਲਦੇ ਹੋਏ ਇਨਸਾਫ਼ ਲਈ ਡਟੇ ਹੋਏ ਹਨ।
ਵਿਸ਼ੇਸ਼ ਸੱਦੇ ‘ਤੇ ਹਾਜ਼ਰ ਪਾਰਕ ਬੋਰਡ ਵੈਨਕੂਵਰ ਦੇ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਨੂੰ ਮਹੀਨਾਵਾਰ ਸੇਵਾ ਕਾਰਜਾਂ ਲਈ ਸੋਸਾਇਟੀ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਮੌਕੇ ਮੱਘਰ ਸਿੰਘ ਬੱਟੂ ਅਤੇ ਸੁਖਜੀਤ ਸਿੰਘ ਗੋਸਲ ਦੇ ਜਨਮ ਦਿਨ ਮਨਾਏ ਗਏ ਅਤੇ ਉਹਨਾਂ ਨੂੰ ਹਾਰ ਪਾ ਕੇ ਯਾਦਗਾਰੀ ਤੋਹਫ਼ੇ ਭੇਟ ਕੀਤੇ ਗਏ। ਮਨਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਧਾਲੀਵਾਲ, ਗੁਰਨਾਮ ਸਿੰਘ ਖੰਗੂੜਾ, ਕੁਲਦੀਪ ਸਿੰਘ ਜਗਪਾਲ, ਗੁਰਮੀਤ ਸਿੰਘ ਬਰਮੀ ਅਤੇ ਸੁਖਜੀਤ ਸਿੰਘ ਗੋਸਲ ਨੂੰ ਵੀ ਹੌਂਸਲਾ ਅਫਜ਼ਾਈ ਪੱਤਰ ਦਿੱਤੇ ਗਏ।
ਅੰਤ ਵਿੱਚ ਸਭਾ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨ ਜਸਪ੍ਰੀਤ ਸਿੰਘ ਵਿਰਦੀ ਸਮੇਤ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਜਨਮ ਦਿਨ ਮਨਾਉਣ ਵਾਲੇ ਦੋਵੇਂ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆਂ।