ਗੋ-ਸੋਲਰ ਪ੍ਰੋਜੈਕਟ ‘ਚ ਹੁਸ਼ਿਆਰਪੁਰ ਬਣਿਆ ਨੰਬਰ 1, DC ਆਸ਼ਿਕਾ ਜੈਨ ਦੀ ਅਗਵਾਈ ਹੇਠ ਨਵੀਂ ਉਡਾਣ
-ਡਿਪਟੀ ਕਮਿਸ਼ਨਰ ਨੇ ਇਸ ਨੂੰ ਸਾਰੇ ਵਿਭਾਗਾਂ ਤੇ ਹਿੱਸੇਦਾਰਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਦੱਸਿਆ
-ਪੂਰੇ ਪੰਜਾਬ ‘ਚ ਸਭ ਤੋਂ ਤੇਜ਼ 8.8 ਫੀਸਦੀ ਗ੍ਰੋਥ ਨਾਲ ਹੁਸ਼ਿਆਰਪੁਰ ਸਭ ਤੋਂ ਅੱਗੇ
-ਜ਼ਿਲ੍ਹੋ ਦਾ ਮਾਡਲ ਪੂਰੇ ਪੰਜਾਬ ਦੇ ਲਈ ਬਣਿਆ ਨਵੀਂ ਪ੍ਰੇਰਨਾ
-ਪੇਂਡੂ ਤੇ ਸ਼ਹਿਰੀ ਇਲਾਕਿਆਂ ‘ਚ ਵਧੀ ਸੋਲਰ ਊਰਜਾ ਅਪਣਾਉਣ ਦੀ ਰਫ਼ਤਾਰ
ਹੁਸ਼ਿਆਰਪੁਰ, 20 ਨਵੰਬਰ : ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੇ ਗੋ-ਸੋਲਰ ਪ੍ਰੋਜੈਕਟ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚੋਂ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ।
15 ਸਤੰਬਰ ਤੋਂ 12 ਨਵੰਬਰ ਦੇ ਸਮੇਂ ਦੌਰਾਨ ਜ਼ਿਲ੍ਹੇ ਨੇ 825 ਤੋਂ 998 ਅਰਜ਼ੀਆਂ ਤੱਕ ਪਹੁੰਚਦੇ ਹੋਏ 8.8 ਫੀਸਦੀ ਦੀ ਸਭ ਤੋਂ ਤੇਜ਼ ਗ੍ਰੋਥ ਦਰਜ ਕੀਤੀ, ਜੋ ਕਿ ਰਾਜ ਦੇ 21 ਸਰਕਲਾਂ ਵਿੱਚੋਂ ਸਭ ਤੋਂ ਵੱਧ ਹੈ। ਇਹ ਪ੍ਰਾਪਤੀ ਪ੍ਰਸ਼ਾਸਨਿਕ ਕੁਸ਼ਲਤਾ, ਵਿਭਾਗੀ ਤਾਲਮੇਲ ਅਤੇ ਜ਼ਮੀਨੀ ਪੱਧਰ 'ਤੇ ਸਮੂਹਿਕ ਯਤਨਾਂ ਦਾ ਨਤੀਜਾ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਡੇਟਾ-ਸੰਚਾਲਿਤ ਪਹੁੰਚ, ਮਾਈਕ੍ਰੋ-ਮਾਨੀਟਰਿੰਗ, ਨਿਯਮਿਤ ਸਰਕਲ-ਪੱਧਰੀ ਸਮੀਖਿਆਵਾਂ ਅਤੇ ਅਰਜ਼ੀ ਪ੍ਰਕਿਰਿਆ ਵਿੱਚ ਰੁਕਾਵਟਾਂ ਨੂੰ ਤੁਰੰਤ ਦੂਰ ਕਰਨ ਨੇ ਪੂਰੀ ਮੁਹਿੰਮ ਨੂੰ ਇਕ ਨਵਾਂ ਹੁਲਾਰਾ ਦਿੱਤਾ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਗਈਆਂ, ਜਦੋਂ ਕਿ ਤਕਨੀਕੀ ਮੁੱਦਿਆਂ ਨੂੰ ਹੱਲ ਕਰਨ ਲਈ ਟਾਸਕ ਫੋਰਸਾਂ ਤਾਇਨਾਤ ਕੀਤੀਆਂ ਗਈਆਂ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਦੀ ਇਸ ਵੱਡੀ ਪ੍ਰਾਪਤੀ ਵਿੱਚ ਕਈ ਵਿਭਾਗਾਂ ਅਤੇ ਹਿੱਸੇਦਾਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਗੋ-ਸੋਲਰ ਪ੍ਰੋਜੈਕਟ ਦੇ ਨੋਡਲ ਅਫ਼ਸਰ ਵਜੋਂ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਨੋਡਲ ਅਫ਼ਸਰ ਹੋਣ ਦੇ ਨਾਤੇ, ਓਇਸ਼ੀ ਮੰਡਲ ਨੇ ਸਖ਼ਤ ਫੀਲਡ ਨਿਗਰਾਨੀ, ਵਿਭਾਗਾਂ ਵਿਚਕਾਰ ਸੁਚਾਰੂ ਤਾਲਮੇਲ, ਅਸਲ-ਸਮੇਂ ਦੀ ਪ੍ਰਗਤੀ ਨਿਗਰਾਨੀ ਅਤੇ ਹਿੱਸੇਦਾਰਾਂ ਦੀਆਂ ਟੀਮਾਂ ਨਾਲ ਸਮੇਂ ਸਿਰ ਫਾਲੋਅੱਪ ਨੂੰ ਯਕੀਨੀ ਬਣਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਸਮਰਪਿਤ ਅਗਵਾਈ ਅਤੇ ਸਰਗਰਮ ਨਿਗਰਾਨੀ ਨੇ ਪ੍ਰੋਜੈਕਟ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਕਾਫ਼ੀ ਮਜ਼ਬੂਤੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੋਸਾਇਟੀ ਵੱਲੋਂ ਸਕੱਤਰ ਮੰਗੇਸ਼ ਸੂਦ, ਸੰਯੁਕਤ ਸਕੱਤਰ ਆਦਿੱਤਿਆ ਰਾਣਾ ਅਤੇ ਰੈੱਡ ਕਰਾਸ ਇੰਟਰਨਾਂ ਨੇ ਕੈਂਪ ਲਗਾਏ ਅਤੇ ਲੋਕਾਂ ਨੂੰ ਸੋਲਰ ਸਕੀਮ ਬਾਰੇ ਜਾਗਰੂਕ ਕੀਤਾ, ਅਰਜ਼ੀਆਂ ਭਰਨ ਵਿੱਚ ਮਦਦ ਕੀਤੀ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕੀਤਾ। ਇਸ ਸਮੇਂ ਦੌਰਾਨ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ, ਖਾਸ ਕਰਕੇ ਐਕਸੀਅਨ ਮੁਕੇਰੀਆਂ ਨੇ ਤਕਨੀਕੀ ਦਸਤਾਵੇਜ਼ਾਂ ਦੀ ਸਮੇਂ ਸਿਰ ਜਾਂਚ ਅਤੇ ਇੰਸਟਾਲੇਸ਼ਨ ਪ੍ਰਕਿਰਿਆ ਦੇ ਤਾਲਮੇਲ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਨ੍ਹਾਂ ਸਾਰੇ ਵਿਭਾਗਾਂ, ਟੀਮਾਂ ਅਤੇ ਇੰਟਰਨਾਂ ਦੇ ਨਾਲ-ਨਾਲ ਵਿਕਰੇਤਾਵਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇੰਸਟਾਲੇਸ਼ਨ ਦਾ ਕੰਮ ਸਮੇਂ ਸਿਰ ਪੂਰਾ ਕਰਨ ਅਤੇ ਖਪਤਕਾਰਾਂ ਨੂੰ ਸਕਾਰਾਤਮਕ ਅਨੁਭਵ ਦੇਣ ਵਿੱਚ ਸ਼ਾਨਦਾਰ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕੁਝ ਵਿਕਰੇਤਾਵਾਂ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਸਾਰੇ ਹਿੱਸੇਦਾਰਾਂ ਦੀ ਸਖ਼ਤ ਮਿਹਨਤ ਨੇ ਹੁਸ਼ਿਆਰਪੁਰ ਨੂੰ ਪੰਜਾਬ ਵਿੱਚ ਨੰਬਰ 1 ਬਣਾਇਆ ਹੈ।
ਬਠਿੰਡਾ ਅਤੇ ਮੁਕਤਸਰ ਭਾਵੇ ਹੀ ਕੁੱਲ ਅਰਜ਼ੀਆਂ ਦੇ ਮਾਮਲਿਆਂ ਵਿਚ ਵੱਡੇ ਸਰਕਲ ਹੋਣ, ਪਰ ਗ੍ਰੋਥ ਵਿਚ ਹੁਸ਼ਿਆਰਪੁਰ ਨੇ ਸਭ ਨੂੰ ਪਿੱਛੇ ਛੱਡਦੇ ਹੋਏ ਇਹ ਸਿੱਧ ਕੀਤਾ ਹੈ ਕਿ ਯੋਜਨਾਬੱਧ ਰਣਨੀਤੀ, ਤੁਰੰਤ ਕਾਰਵਾਈ ਅਤੇ ਜਨਤਕ ਭਾਗੀਦਾਰੀ ਨਾਲ ਘੱਟ ਅਧਾਰ ਸੰਖਿਆ ਦੇ ਨਾਲ ਵੀ ਵਧੀਆ ਪ੍ਰਦਰਸ਼ਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਹ ਵਰਣਨਯੋਗ ਹੈ ਕਿ ਗੋ-ਸੋਲਰ ਪ੍ਰੋਜੈਕਟ ਵਿੱਚ ਹੁਸ਼ਿਆਰਪੁਰ ਦੀ ਇਹ ਸਫਲਤਾ ਨਾ ਸਿਰਫ਼ ਇਕ ਪ੍ਰਸ਼ਾਸਕੀ ਪ੍ਰਾਪਤੀ ਹੈ ਬਲਕਿ ਰਾਜ ਵਿੱਚ ਭਵਿੱਖ ਦੀ ਊਰਜਾ ਸੁਰੱਖਿਆ ਅਤੇ ਟਿਕਾਊ ਵਿਕਾਸ ਵੱਲ ਇਕ ਮਜ਼ਬੂਤ ਕਦਮ ਵੀ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਮਾਡਲ ਪੰਜਾਬ ਦੇ ਹੋਰ ਜ਼ਿਲ੍ਹਿਆਂ ਲਈ ਇਕ ਪ੍ਰੇਰਨਾਦਾਇਕ ਉਦਾਹਰਣ ਸਾਬਿਤ ਹੋਵੇਗਾ।