9ਵੀਂ ਗੁਰੂ ਗੋਬਿੰਦ ਸਿੰਘ ਜੂਨੀਅਰ ਹਾਕੀ ਚੈਂਪੀਅਨਸ਼ਿੱਪ 1-2-3 ਦਸੰਬਰ ਨੂੰ ਪੀ ਏ ਯੂ ਲੁਧਿਆਣਾ ਵਿਖੇ ਕੁੱਲ 18 ਟੀਮਾਂ ਲੈਣਗੀਆਂ ਹਿੱਸਾ
ਸੁਖਮਿੰਦਰ ਭੰਗੂ
ਲੁਧਿਆਣਾ 12 ਨਵੰਬਰ 2025 ਲੁਧਿਆਣਾ ਸਪੋਰਟਸਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਖੇਡ ਵਿਭਾਗ ਦੇ ਸਹਿਯੋਗ ਨਾਲ 9ਵੀਂ ਗੁਰੂ ਗੋਬਿੰਦ ਸਿੰਘ ਸਬ ਜੂਨੀਅਰ ਅਤੇ ਜੂਨੀਅਰ ਹਾਕੀ ਚੈਂਪੀਅਨਸ਼ਿਪ 1-2 ਅਤੇ 3 ਦਸੰਬਰ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀਏਯੂ ਵਿਖੇ ਕਰਵਾਈ ਜਾਵੇਗੀ।
ਐਸੋਸੀਏਸ਼ਨ ਦੇ ਸਰਪ੍ਰਸਤ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਪ੍ਰਧਾਨ, ਸਾਬਕਾ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਮਿਨਹਾਸ , ਖੇਡ ਪ੍ਰਮੋਟਰ, ਖੇਡ ਲੇਖਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਲੁਧਿਆਣਾ ਵਿਖੇ ਇੱਕ ਦਹਾਕਾ ਪਹਿਲਾਂ ਆਲ ਇੰਡੀਆ ਪੱਧਰ ਦਾ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਹੁੰਦਾ ਸੀ ਸਾਡਾ ਟੀਚਾ ਸੀ ਕਿ ਆਲ ਇੰਡੀਆ ਪੱਧਰ ਦੇ 8 ਟੂਰਨਾਮੈਂਟ ਕਰਵਾਏ ਸਨ ਪਰ ਕੁਝ ਕਾਰਨਾਂ ਕਰਕੇ ਓਸ ਟੂਰਨਾਮੈਂਟ ਵਿੱਚ ਖੜੋਤ ਆ ਗਈ ਸੀ। ਪਰ ਹੁਣ ਗਰਾਸ ਰੂਟ ਤੇ ਹਾਕੀ ਨੂੰ ਮਜਬੂਤ ਕਰਨ ਲਈ ਨੌਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਸਬ ਜੂਨੀਅਰ ਅਤੇ ਜੂਨੀਅਰ ਮੁਕਾਬਲਿਆਂ ਦੇ ਰੂਪ ਵਿੱਚ ਕਰਵਾਈ ਜਾਵੇਗੀ । ਇਸ ਚੈਂਪੀਅਨਸ਼ਿਪ ਵਿੱਚ ਅੰਡਰ 17 ਸਾਲ ਲੜਕੀਆਂ ਦੇ ਮੁਕਾਬਲੇ, ਅੰਡਰ 19 ਸਾਲ ਮੁੰਡਿਆਂ ਦੇ ਮੁਕਾਬਲੇ ਅਤੇ ਅੰਡਰ 16 ਸਾਲ ਸਬ ਜੂਨੀਅਰ ਮੁੰਡਿਆਂ ਦੇ ਹਾਕੀ ਮੁਕਾਬਲੇ ਕਰਵਾਏ ਜਾਣਗੇ । ਕੁਲ 18 ਟੀਮਾਂ ਇਸ ਚੈਂਪੀਅਨਸ਼ਿਪ ਦੇ ਵਿੱਚ ਖੇਡਣਗੀਆਂ ।ਹਰ ਵਰਗ ਵਿੱਚ 6-6 ਟੀਮਾਂ ਨੂੰ ਐਂਟਰੀ ਦਿੱਤੀ ਜਾਵੇਗੀ । ਇਹ ਚੈਂਪੀਅਨਸ਼ਿਪ ਲੀਗ ਕਮ ਨਾਕ ਆਉਟ ਪ੍ਰਣਾਲੀ ਦੇ ਅਧਾਰ ਤੇ ਹੋਵੇਗੀ ਇਸ ਚੈਂਪੀਅਨਸ਼ਿਪ ਦਾ ਮੁੱਖ ਮਕਸਦ ਲੁਧਿਆਣਾ ਜਿਲ੍ਹੇ ਦੇ ਸਕੂਲੀ ਬੱਚਿਆਂ ਦੀ ਹਾਕੀ ਨੂੰ ਮਜਬੂਤ ਕਰਨਾ ਹੋਵੇਗਾ । ਇਹ ਹਾਕੀ ਪੰਜਾਬ ਖੇਡ ਵਿਭਾਗ, ਜਰਖੜ ਹਾਕੀ ਅਕੈਡਮੀ ਅਤੇ ਹੋਰ ਹਾਕੀ ਪ੍ਰੇਮੀਆਂ ਦੇ ਸਹਿਯੋਗ ਨਾਲ ਨੇਪਰੇ ਚਾੜੀ ਜਾਵੇਗੀ। ਇਸ ਦੀਆਂ ਤਿਆਰੀਆਂ ਸਬੰਧੀ ਇੱਕ ਪਲੇਠੇ ਮੀਟਿੰਗ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਕੁਲਦੀਪ ਸਿੰਘ ਚੁੱਗ ਜਿਲਾ ਖੇਡ ਅਫਸਰ ਲੁਧਿਆਣਾ, ਗੁਰਦੀਪ ਸਿੰਘ ਜਿਲਾ ਖੇਡ ਅਫਸਰ ਫਿਰੋਜ਼ਪੁਰ , ਹੁਕਮ ਸਿੰਘ ਗੁਰੂ ਨਾਨਕ ਕਾਰ ਬਜਾਰ, ਜਰਖੜ ਹਾਕੀ ਅਕੈਡਮੀ ਦੇ ਮੁੱਖ ਕੋਚ ਗੁਰ ਸਤਿੰਦਰ ਸਿੰਘ ਪ੍ਰਗਟ, ਹਰਮੀਤ ਸਿੰਘ ਜਰਖੜ ਹਾਕੀ ਕੋਚ ਮਨਪ੍ਰੀਤ ਸਿੰਘ ਮੁੰਡੀਆ, ਪਰਮਜੀਤ ਸਿੰਘ ਪੰਮਾ ਗਰੇਵਾਲ, ਕੁਲਵਿੰਦਰ ਸਿੰਘ ਚਚਰਾੜੀ, ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।