ਵਿਸ਼ਵ ਨਮੂਨੀਆਂ ਦਿਵਸ ਮੌਕੇ ਬੱਚਿਆਂ ਨੂੰ ਨਮੂਨੀਆ ਬਿਮਾਰੀ ਤੋਂ ਬਚਾਉਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 12 ਨਵੰਬਰ 2025 : ਵਿਸ਼ਵ ਨਮੂਨੀਆ ਦਿਵਸ 12 ਨਵੰਬਰ ਨੂੰ ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ. ਤਪਿੰਦਰਜੋਤ ਦੀ ਅਗਵਾਈ ਵਿੱਚ ਵੱਖ ਵੱਖ ਸਿਹਤ ਬਲਾਕਾਂ ਵਿੱਚ ਛੋਟੇ ਬੱਚਿਆਂ ਵਿੱਚ ਨਮੂਨੀਆ ਦੇ ਲੱਛਣ ਅਤੇ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ ਜਿਸ ਦਾ ਮਕਸਦ ਮਾਪਿਆਂ ਨੂੰ ਵੱਧ ਰਹੀ ਠੰਡ ਦੇ ਮੌਸਮ ਦੌਰਾਨ ਨਮੂਨੀਆ ਤੋਂ ਬੱਚਿਆਂ ਦੀ ਸੁਰੱਖਿਆ ਅਤੇ ਨਮੂਨੀਆ ਦੇ ਲੱਛਣਾਂ ਬਾਰੇ ਸਮੇਂ ਸਿਰ ਪਹਿਚਾਣ ਸਬੰਧੀ ਜਾਣਕਾਰੀ ਦੇਣਾ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਤਪਿੰਦਰਜੋਤ ਸਿਵਲ ਸਰਜਨ ਨੇ ਦੱਸਿਆ ਕਿ ਨਮੂਨੀਆ ਬੱਚਿਆਂ ਵਿੱਚ ਮੌਸਮੀ ਬਿਮਾਰੀਆਂ ਵਿੱਚੋਂ ਇੱਕ ਗੰਭੀਰ ਬਿਮਾਰੀ ਹੈ, ਜਿਸਦੀ ਫ਼ੌਰੀ ਪਛਾਣ ਅਤੇ ਇਲਾਜ ਬਹੁਤ ਜ਼ਰੂਰੀ ਹੈ। ਨਮੂਨੀਆ ਦੇ ਸ਼ੁਰੂਆਤੀ ਲੱਛਣਾਂ ਦੀ ਪਹਿਚਾਣ ਸਬੰਧੀ ਜਾਗਰੂਕ ਕਰਦਿਆਂ ਉਨ੍ਹਾਂ ਕਿਹਾ ਕਿ ਬੱਚੇ ਦਾ ਤੇਜ਼ ਸਾਹ ਲੈਣਾ ਜਾਂ ਲਗਾਤਾਰ ਸਾਹ ਚੜ੍ਹਨਾ, ਛਾਤੀ ਦਾ ਅੰਦਰ ਧੱਸਣਾ, ਬੁਖਾਰ, ਖਾਂਸੀ ਅਤੇ ਚਿੜਚਿੜਾਪਣ, ਪੀਣ ਜਾਂ ਦੁੱਧ ਪੀਣ ਤੋਂ ਇਨਕਾਰ ਕਰਨਾ, ਬੁੱਲ੍ਹਾਂ ਦਾ ਨੀਲਾ ਹੋਣਾ ਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ।
ਨਮੂਨੀਆ ਸਮੇਤ ਹੋਰ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਸਹੀ ਤੇ ਮੁਕੰਮਲ ਟੀਕਾਕਰਨ, ਮਾਂ ਦਾ ਦੁੱਧ ਪਿਲਾਉਣ ਅਤੇ ਸਾਫ-ਸਫ਼ਾਈ ਨਮੂਨੀਆ ਤੋਂ ਬਚਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪ੍ਰਤੀਰੋਧਕ ਸ਼ਕਤੀ ਲਈ ਮਾਂ ਦਾ ਦੁੱਧ ਹੀ ਸਰਵੋਤਮ ਹੈ ਇਸ ਲਈ ਜਨਮ ਤੋਂ ਇੱਕ ਘੰਟੇ ਦੇ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਇਆ ਜਾਵੇ। ਪਹਿਲੇ ਛੇ ਮਹੀਨਿਆਂ ਤੱਕ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਦਿੱਤਾ ਜਾਵੇ। ਨਵਜੰਮੇ ਨੂੰ ਤਾਪਮਾਨ ਦੇ ਬਦਲਾਅ ਦਾ ਅਹਿਸਾਸ ਜ਼ਿਆਦਾ ਹੁੰਦਾ ਹੈ। ਸਿਰ, ਮੋਢੇ ਅਤੇ ਪੈਰ ਢੱਕ ਕੇ ਰੱਖੋ।
ਉਨ੍ਹਾਂ ਕਿਹਾ ਕਿ ਨਮੂਨੀਆ ਪੂਰੀ ਤਰ੍ਹਾਂ ਰੋਕਿਆ ਅਤੇ ਇਲਾਜ ਕੀਤਾ ਜਾ ਸਕਣ ਵਾਲਾ ਰੋਗ ਹੈ ਪਰ ਇਸ ਵਿਚ ਮਾਪਿਆਂ ਦੀ ਸਾਵਧਾਨੀ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਸਮੇਂ ’ਤੇ ਇਲਾਜ ਕਰਾਉਣਾ ਇਸ ਦੇ ਸਭ ਤੋਂ ਮੁੱਢਲੇ ਪੱਖ ਹਨ। ਇਸ ਮੌਕੇ ਸਿਹਤਕਰਮੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਮਾਪਿਆਂ ਨੂੰ ਇਸ ਬਦਲਦੇ ਮੌਸਮ ਵਿਚ ਨਵਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ।