ਸ੍ਰੀ ਅਨੰਦਪੁਰ ਸਾਹਿਬ ਵਿੱਚ ਫੁੱਟਪਾਥਾਂ ਤੇ ਫੜ੍ਹੀਆਂ/ਦੁਕਾਨਾਂ ਲਗਾਉਣ ਉੱਤੇ ਪੂਰਨ ਪਾਬੰਦੀ
ਰੂਪਨਗਰ, 12 ਨਵੰਬਰ : ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਵਰਜੀਤ ਵਾਲੀਆ, ਆਈ.ਏ.ਐਸ. ਵੱਲੋਂ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਜ਼ਿਲ੍ਹਾ ਰੂਪਨਗਰ ਦੀ ਹਦੂਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੌਰਾਨ ਮੈਨ ਹਾਈਵੇ ਅਤੇ ਸੰਬੰਧਤ ਸੜਕਾਂ ਦੇ ਫੁੱਟਪਾਥਾਂ ਤੇ ਕਿਸੇ ਵੀ ਕਿਸਮ ਦੀਆਂ ਫੜ੍ਹੀਆਂ /ਦੁਕਾਨਾਂ ਲਗਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ 21 ਨਵੰਬਰ ਤੋਂ 29 ਨਵੰਬਰ 2025 ਤੱਕ ਸੰਗਤਾਂ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਣਗੀਆਂ। ਇਸ ਦੌਰਾਨ ਮਿਊਜ਼ੀਅਮ ਚੌਂਕ ਤੋਂ ਗੁਰਦੁਆਰਾ ਕੇਸਗੜ੍ਹ ਸਾਹਿਬ ਵਾਇਆ ਅਨੰਦਗੜ੍ਹ ਸਾਹਿਬ (ਲੋਅਰ ਸਾਈਡ) ਤੋਂ ਪੰਜ ਪਿਆਰਾ ਪਾਰਕ ਤੱਕ ਦੇ ਖੇਤਰ ਵਿੱਚ ਫੁੱਟਪਾਥਾਂ ਤੇ ਫੜ੍ਹੀਆਂ ਅਤੇ ਦੁਕਾਨਾਂ ਲੱਗਣ ਕਾਰਨ ਆਮ ਜਨਤਾ ਅਤੇ ਸੰਗਤਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਣ ਦੀ ਸੰਭਾਵਨਾ ਰਹਿੰਦੀ ਹੈ, ਜਿਸ ਨਾਲ ਦੁਰਘਟਨਾ ਦੇ ਆਸਾਰ ਵੀ ਬਣਦੇ ਹਨ।
ਸੰਗਤਾਂ ਦੀ ਸੁਰੱਖਿਆ ਅਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਇਸ ਖੇਤਰ ਵਿੱਚ ਫੜੀਆਂ/ਦੁਕਾਨਾਂ ਲਗਾਉਣ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਇਹ ਹੁਕਮ 15 ਨਵੰਬਰ 2025 ਤੋਂ 30 ਨਵੰਬਰ 2025 ਤੱਕ ਜ਼ਿਲ੍ਹਾ ਰੂਪਨਗਰ ਦੀ ਹਦੂਦ ਵਿੱਚ ਲਾਗੂ ਰਹਿਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਨਾਗਰਿਕਾਂ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪਵਿੱਤਰ ਸਮਾਗਮ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਬਣਾਏ ਰੱਖਣ ਲਈ ਪ੍ਰਸ਼ਾਸਨ ਦਾ ਸਹਿਯੋਗ ਦੇਣ।