ਕਾਦੀਆਂ ਸ਼ਹਿਰ ਲਈ ਪਾਣੀ ਪ੍ਰੋਜੈਕਟ ਦੀ ਮਨਜ਼ੂਰੀ ਦੇਣ ਲਈ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਦਾ ਧੰਨਵਾਦ – ਜਗਰੂਪ ਸਿੰਘ ਸੇਖਵਾਂ
ਰੋਹਿਤ ਗੁਪਤਾ
ਕਾਦੀਆਂ, 12 ਨਵੰਬਰ : ਹਲਕਾ ਇੰਚਾਰਜ ਕਾਦੀਆਂ ਸ. ਜਗਰੂਪ ਸਿੰਘ ਸੇਖਵਾਂ ਨੇ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਵੱਲੋਂ ਅਮਰੁਤ 2.0 ਸਕੀਮ ਅਧੀਨ ਕਾਦੀਆਂ ਸ਼ਹਿਰ ਲਈ 952.98 ਲੱਖ ਰੁਪਏ ਦੀ ਪਾਣੀ ਸਪਲਾਈ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਪ੍ਰੋਜੈਕਟ ਅਧੀਨ ਸ਼ਹਿਰ ਵਿੱਚ 26.55 ਕਿਲੋਮੀਟਰ ਨਵੀਆਂ ਪਾਈਪ ਲਾਈਨਾਂ ਵਿਛਾਈਆਂ ਜਾਣਗੀਆਂ ਅਤੇ ਪੁਰਾਣੀਆਂ ਖਰਾਬ ਲਾਈਨਾਂ ਦੀ ਤਬਦੀਲੀ ਕੀਤੀ ਜਾਵੇਗੀ। ਇਸ ਦੇ ਨਾਲ ਹੀ 8.5 ਕਿਲੋਮੀਟਰ ਦੀ ਨਵੀਂ ਵੰਡ ਪ੍ਰਣਾਲੀ (ਡਿਸਟ੍ਰੀਬਿਊਸ਼ਨ ਨੈੱਟਵਰਕ) ਤਿਆਰ ਕੀਤੀ ਜਾਵੇਗੀ ਤਾਂ ਜੋ ਪੂਰੇ ਸ਼ਹਿਰ ਨੂੰ ਸਾਫ ਪੀਣ ਵਾਲਾ ਪਾਣੀ ਮਿਲ ਸਕੇ। ਇਸ ਪ੍ਰੋਜੈਕਟ ਨਾਲ 1485 ਘਰਾਂ ਨੂੰ ਨਿਰੰਤਰ ਪਾਣੀ ਦੀ ਸਪਲਾਈ ਮਿਲੇਗੀ।
ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕਾਦੀਆਂ ਦੇ ਵਸਨੀਕਾਂ ਨੂੰ ਕਈ ਸਾਲਾਂ ਤੋਂ ਪਾਣੀ ਸਪਲਾਈ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜੋ ਹੁਣ ਇਸ ਪ੍ਰੋਜੈਕਟ ਨਾਲ ਦੂਰ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਮੰਤਰੀ ਡਾ. ਰਵਜੋਤ ਸਿੰਘ ਦੀ ਵਿਅਕਤੀਗਤ ਦਿਲਚਸਪੀ ਤੇ ਸਕਾਰਾਤਮਕ ਰਵੱਈਏ ਨਾਲ ਸੰਭਵ ਹੋਇਆ ਹੈ।
ਸੇਖਵਾਂ ਨੇ ਕਿਹਾ ਕਿ ਉਹ ਕਾਦੀਆਂ ਹਲਕੇ ਦੇ ਹਰ ਪੱਖੋਂ ਵਿਕਾਸ ਲਈ ਵਚਨਬੱਧ ਹਨ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹ ਪ੍ਰੋਜੈਕਟ ਸਮੇਂ ਸਿਰ ਪੂਰਾ ਹੋਵੇ।