ਵਿਮੁਕਤ ਜਾਤੀ ਵੈਲਫੇਅਰ ਮੋਰਚਾ ਵੱਲੋਂ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਹਮਾਇਤ ਦਾ ਐਲਾਨ
'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਵਿਮੁਕਤ ਜਾਤੀ ਮੋਰਚਾ ਨੇ ਦਿੱਤਾ ਬਿਨਾਂ ਸ਼ਰਤ ਸਮਰਥਨ, ਕੈਬਨਿਟ ਮੰਤਰੀ ਭੁੱਲਰ ਅਤੇ ਵਿਧਾਇਕ ਨਿੱਜਰ ਨੇ ਕੀਤਾ ਸਵਾਗਤ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਮੁਕਤ ਜਾਤੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਦਿੱਤਾ ਭਰੋਸਾ
ਤਰਨਤਾਰਨ, 9 ਨਵੰਬਰ 2025- ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਥਿਤੀ ਉਸ ਸਮੇਂ ਹੋਰ ਮਜ਼ਬੂਤ ਹੋ ਗਈ ਜਦੋਂ ਵਿਮੁਕਤ ਜਾਤੀ ਵੈਲਫੇਅਰ ਮੋਰਚਾ ਪੰਜਾਬ ਨੇ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਮੋਰਚਾ ਦੇ ਸੂਬਾ ਪ੍ਰਧਾਨ ਜਗਦੀਸ਼ ਰਾਜ ਧਾਲੀਵਾਲ ਨੇ ਆਪਣੀ ਸਮੁੱਚੀ ਟੀਮ ਸਮੇਤ ਤਰਨਤਾਰਨ ਪਹੁੰਚ ਕੇ ਇਹ ਫੈਸਲਾ ਲਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੋਰਚਾ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਮੋਰਚਾ ਦੇ ਵਫ਼ਦ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।
ਜਗਦੀਸ਼ ਰਾਜ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਵਿਮੁਕਤ ਜਾਤੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਨ ਅਤੇ ਹੱਲ ਕਰਨ ਦੇ ਭਰੋਸੇ ਤੋਂ ਬਾਅਦ ਮੋਰਚਾ ਨੇ ਸਰਬਸੰਮਤੀ ਨਾਲ 'ਆਪ' ਉਮੀਦਵਾਰ ਦੀ ਡਟ ਕੇ ਹਮਾਇਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀ ਇੱਕ-ਇੱਕ ਵੋਟ ਹਰਮੀਤ ਸਿੰਘ ਸੰਧੂ ਨੂੰ ਪਾਉਣ।
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਮੋਰਚਾ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ 'ਆਪ' ਗਰੀਬਾਂ ਅਤੇ ਪੱਛੜੇ ਵਰਗਾਂ ਦੀ ਪਾਰਟੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।
ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ ਨੇ ਮੋਰਚਾ ਵੱਲੋਂ ਦਿੱਤੇ ਬਿਨਾਂ ਸ਼ਰਤ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਿਮੁਕਤ ਜਾਤੀਆਂ ਦੇ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ।