ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ Action : ਚਾਰ ਵਾਹਨ ਜ਼ਬਤ ਕੀਤੇ; ਤਿੰਨ FIR ਦਰਜ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 2 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਦੇ ਹੋਏ, ਮੋਹਾਲੀ ਪੁਲਿਸ ਨੇ ਅਜਿਹੇ ਗੈਰ-ਕਾਨੂੰਨੀ ਕਾਰਜਾਂ ਵਿੱਚ ਸ਼ਾਮਲ ਵਿਅਕਤੀਆਂ 'ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ।
ਬੀਤੇ ਦਿਨੀਂ ਕੀਤੀ ਗਈ ਕਾਰਵਾਈ ਦੇ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਪੁਲਿਸ ਕਪਤਾਨ, ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਵਿੱਚ ਲੱਗੇ ਚਾਰ ਵਾਹਨ ਜ਼ਬਤ ਕੀਤੇ ਗਏ ਹਨ, ਅਤੇ ਡੇਰਾਬੱਸੀ ਸਬ-ਡਿਵੀਜ਼ਨ ਵਿੱਚ ਤਿੰਨ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਇਹ ਕਾਰਵਾਈ ਪੁਲਿਸ ਕਪਤਾਨ (ਦਿਹਾਤੀ) ਮਨਪ੍ਰੀਤ ਸਿੰਘ, ਦੀ ਨਿਗਰਾਨੀ ਅਤੇ ਡੇਰਾਬੱਸੀ ਦੇ ਉਪ ਕਪਤਾਨ ਪੁਲਿਸ ਬਿਕਰਮਜੀਤ ਸਿੰਘ ਬਰਾੜ ਦੀ ਸਿੱਧੀ ਨਿਗਰਾਨੀ ਹੇਠ ਕੀਤੀ ਗਈ। ਡੇਰਾਬੱਸੀ, ਲਾਲੜੂ ਅਤੇ ਹੰਡੇਸਰਾ ਪੁਲਿਸ ਸਟੇਸ਼ਨਾਂ ਦੇ ਸਟੇਸ਼ਨ ਹਾਊਸ ਅਫਸਰਾਂ ਦੁਆਰਾ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਨੇ ਕਈ ਇਲਾਕਿਆਂ ਵਿੱਚ ਨਾਕਾਬੰਦੀ ਅਤੇ ਛਾਪੇਮਾਰੀ ਕੀਤੀ, ਜਿਸ ਦੇ ਨਤੀਜੇ ਵਜੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਚਾਰ ਵਾਹਨ ਕਾਬੂ ਕੀਤੇ ਗਏ।
ਕਾਬੂ ਕੀਤੇ ਗਏ ਵਾਹਨਾਂ ਵਿੱਚ ਰਜਿਸਟ੍ਰੇਸ਼ਨ ਨੰਬਰ ਪੀ ਬੀ 65 ਬੀ ਐਲ 7619 ਅਤੇ ਪੀ ਬੀ 65 ਏ ਵੀ 1252 ਵਾਲੇ ਦੋ ਟਿੱਪਰ ਅਤੇ ਰਜਿਸਟ੍ਰੇਸ਼ਨ ਨੰਬਰ ਪੀ ਬੀ 70 ਐਮ 4082 ਵਾਲਾ ਇੱਕ ਟਰੈਕਟਰ-ਟਰਾਲੀ ਅਤੇ ਇੱਕ ਹੋਰ ਬਿਨਾਂ ਨੰਬਰ ਵਾਲਾ ਟਰੈਕਟਰ-ਟਰਾਲੀ ਸ਼ਾਮਲ ਹੈ।
ਦਰਜ ਕੀਤੇ ਗਏ ਮਾਮਲਿਆਂ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਐਸ ਐਸ ਪੀ ਨੇ ਦੱਸਿਆ ਕਿ ਮਾਈਨਿੰਗ ਐਕਟ ਦੀ ਧਾਰਾ 4(1) ਅਤੇ 21(1) ਦੇ ਤਹਿਤ ਐਫ ਆਈ ਆਰ ਨੰਬਰ 311 ਮਿਤੀ 01-11-2025 ਥਾਣਾ ਡੇਰਾਬੱਸੀ ਵਿਖੇ ਦਰਜ ਕੀਤੀ ਗਈ; ਇਨ੍ਹਾਂ ਧਾਰਾਵਾਂ ਦੇ ਤਹਿਤ ਹੀ ਐਫ ਆਈ ਆਰ ਨੰਬਰ 175 ਮਿਤੀ 01-11-2025 ਥਾਣਾ ਲਾਲੜੂ ਵਿਖੇ ਦਰਜ ਕੀਤੀ ਗਈ; ਅਤੇ ਐਫ ਆਈ ਆਰ ਨੰਬਰ 58 ਮਿਤੀ 01-11-2025 ਥਾਣਾ ਹੰਡੇਸਰਾ ਵਿਖੇ ਦਰਜ ਕੀਤੀ ਗਈ।
ਜ਼ਿਲ੍ਹਾ ਪੁਲਿਸ ਦੇ ਦ੍ਰਿੜ ਇਰਾਦੇ ਨੂੰ ਦੁਹਰਾਉਂਦੇ ਹੋਏ, ਐਸ ਐਸ ਪੀ ਹਾਂਸ ਨੇ ਜ਼ੋਰ ਦੇ ਕੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਗੈਰ-ਕਾਨੂੰਨੀ ਮਾਈਨਿੰਗ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਅਤੇ ਨਿਰੰਤਰ ਕਾਰਵਾਈ ਕਰਨ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।