ਕੇਂਦਰ ਸਰਕਾਰ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਬਾਰੇ ਜਾਰੀ ਕੀਤਾ ਨੋਟੀਫ਼ਿਕੇਸ਼ਨ ਤੁਰੰਤ ਰੱਦ ਕਰੇ:- ਪ੍ਰੋ ਚੰਦੂਮਾਜਰਾ
ਚੰਡੀਗੜ 2 ਨਵੰਬਰ 2025
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਵੱਲੋਂ “ਪੰਜਾਬ ਯੂਨੀਵਰਸਿਟੀ” ਦੀ ਸੈਨੇਟ ਅਤੇ ਸਿੰਡੀਕੇਟ ਨੂੰ ਸੰਪੂਰਨ ਤੌਰ ‘ਤੇ ਭੰਗ ਕਰਨ ਵਾਲੇ ਫ਼ੈਸਲੇ ਨੂੰ ਪੰਜਾਬ ਦੇ ਜਮਹੂਰੀ ਹੱਕਾਂ ਅਤੇ ਸਿੱਖਿਅਕ ਖੁਦਮੁਖਤਿਆਰੀ ਉੱਤੇ ਵੱਡਾ ਮਾਰੂ ਹਮਲਾ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਯੂਨੀਵਰਸਿਟੀ ਸਾਡੇ ਸੂਬੇ ਦਾ ਇੱਕ ਸਿਰਮੌਰ ਉੱਚ ਵਿੱਦਿਅਕ ਅਦਾਰਾ ਹੈ, ਜਿਸਦੀਆਂ ਡੂੰਘੀਆਂ ਜੜ੍ਹਾਂ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਭਾਸ਼ਾ ਨਾਲ ਜੁੜੀਆਂ ਹੋਈਆਂ ਹਨ, ਅਜਿਹੇ ਇਤਿਹਾਸਕ ਅਦਾਰੇ ਉੱਤੇ ਸਿੱਧੇ ਤੌਰ ‘ਤੇ ਕੇਂਦਰੀ ਹਕੂਮਤ ਦਾ ਕਬਜ਼ਾ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਘਾਣ ਕਰਨ ਵਾਲਾ ਫ਼ੈਸਲਾ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦਿਵਸ ਵਾਲੇ ਦਿਨ ਸੁਣਾਏ ਇਸ ਫ਼ੈਸਲੇ ਨੇ ਸਮੁੱਚੇ ਪੰਜਾਬੀਆਂ ਦੇ ਦਿਲਾਂ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੂਰੇ ਦੇਸ਼ ਅੰਦਰ ਗਵਰਨਿੰਗ ਕੌਂਸਲ ਸੈਨੇਟ ਪੰਜਾਬ ਯੂਨੀਵਰਸਿਟੀ ਦੇ ਲੋਕਤੰਤਰਿਕ ਢਾਂਚੇ ਦਾ ਮੁੱਖ ਧੁਰਾ ਹੈ, ਜਿਸਨੂੰ ਖ਼ਤਮ ਕਰਨਾ ਸਿੱਖਿਆ ਦੇ ਕੇਂਦਰੀਕਰਨ ਨੂੰ ਹੁਲਾਰਾ ਦੇਣਾ ਹੈ। ਅਖੀਰ ‘ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਬਾਰੇ ਜਾਰੀ ਕੀਤਾ ਨੋਟੀਫ਼ਿਕੇਸ਼ਨ ਤੁਰੰਤ ਰੱਦ ਕਰੇ।