ਪਦਮ ਸ਼੍ਰੀ ਡਾ ਬੇਦੀ ਨੂੰ ਲੇਖਕਾਂ ਵੱਲੋਂ ਵਧਾਈ
ਸਾਦਿਕ ਮੰਡੀ : ਉਘੇ ਹਿੰਦੀ ਤੇ ਪੰਜਾਬੀ ਵਿਦਵਾਨ ਸਾਹਿਤਕਾਰ, ਕਈ ਸਾਹਿਤਕ ਤੇ ਆਲੋਚਨਾਤਮਿਕ ਪੁਸਤਕਾਂ ਦੇ ਰਚਣਹਾਰੇ ਅਤੇ ਅੱਜਕਲ ਚਾਂਸਲਰ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਹਿਮਾਚਲ ਪ੍ਰਦੇਸ਼ 'ਪਦਮ ਸ਼੍ਰੀ' ਡਾ ਹਰਮੋਹਿੰਦਰ ਸਿੰਘ ਬੇਦੀ ਨੂੰ ਇੰਡੀਅਨ ਇੰਸਟੀਚਿਊਟ ਅਡਵਾਂਸ ਸਟੱਡੀਜ਼ ਸ਼ਿਮਲਾ ਵੱਲੋਂ ਦੋ ਸਾਲਾਂ ਵਾਸਤੇ ਇੰਸਟੀਚਿਊਟ ਦੇ ਕੌਮੀ ਫੈਲੋ ਚੁਣੇ ਜਾਣ ਮੌਕੇ ਬਾਬਾ ਫਰੀਦ ਸਾਹਿਤਕ ਮੰਚ ਫਰੀਦਕੋਟ ਦੇ ਸਮੂਹ ਅਹੁਦੇਦਾਰਾਂ ਵੱਲੋਂ ਉਨਾਂ ਨੂੰ ਵਧਾਈ ਦਿੰਦਿਆਂ ਇੰਸਟੀਚਿਊਟ ਦਾ ਧੰਨਵਾਦ ਵੀ ਕੀਤਾ ਗਿਆ ਹੈ। ਮੰਚ ਦੇ ਪ੍ਰਧਾਨ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਡਾ ਬੇਦੀ ਇਕ ਸੰਸਥਾ ਰੂਪੀ ਸ਼ਖਸੀਅਤ ਹਨ ਤੇ ਉਨਾਂ ਵੱਲੋਂ ਹਿੰਦੀ- ਪੰਜਾਬੀ ਸਾਹਿਤ ਤੇ ਦੋਵਾਂ ਭਾਸ਼ਾਵਾਂ ਲਈ ਕੀਤੇ ਅਹਿਮ ਕਾਰਜਾਂ ਸਦਕਾ ਅਦਬੀ ਜਗਤ ਉਨਾਂ ਉਪਰ ਡਾਹਢਾ ਮਾਣ ਕਰਦਾ ਹੈ। ਡਾ ਬੇਦੀ ਨੇ ਦੇਸ਼ ਬਦੇਸ਼ ਦੀਆਂ ਯਾਤਰਾਵਾਂ ਕੌਮਾਂਤਰੀ ਪੱਧਰ ਦੀਆਂ ਵੱਡੀਆਂ ਸਾਹਿਤਕ ਕਾਨਫਰੰਸਾਂ ਦੀ ਪ੍ਰਧਾਨਗੀ ਕੀਤੀ ਹੈ।
ਆਪ ਨੇ ਹੁਣ ਤੀਕ 50 ਦੇ ਲਗਪਗ ਪੁਸਤਕਾਂ ਦੀ ਸਿਰਜਣਾ ਕੀਤੀ ਹੈ। ਪੰਜਾਬੀ ਤੇ ਹਿੰਦੀ ਸਾਹਿਤ ਦੇ ਤੁਲਨਾਤਮਕ ਅਧਿਐਨ ਬਾਰੇ ਲਿਖੀ ਗਈ ਆਪ ਦੀ ਪੁਸਤਕ ਨੂੰ ਦੋਵਾਂ ਭਾਸ਼ਾਵਾਂ ਵਿਚ ਬਹੁਤ ਸਤਿਕਾਰ ਮਿਲਿਆ ਤੇ ਸਾਹਿਤ ਦੇ ਖੋਜਾਰਥੀ ਲਈ ਲਾਹੇਵੰਦੀ ਸਿਧ ਹੋਈ। ਨਿੰਦਰ ਘੁਗਿਆਣਵੀ ਤੋਂ ਇਲਾਵਾ ਮੰਚ ਦੇ ਹੋਰਨਾਂ ਅਹੁਦੇਦਾਰਾਂ ਡਾ ਅਮਰਜੀਤ ਅਰੋੜਾ ਸਾਦਿਕ, ਨਵੀ ਨਵਪ੍ਰੀਤ, ਸੁਖਵਿੰਦਰ ਮਰਾੜ, ਡਾ ਕੇਵਲ ਅਰੋੜਾ, ਬਲਦੇਵ ਹਾਂਡਾ ਨੇ ਖੁਸ਼ੀ ਪ੍ਰਗਟ ਕਰਦਿਆਂ ਡਾ ਬੇਦੀ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਕੀਤੀ ਹੈ। ਘੁਗਿਆਣਵੀ ਨੇ ਦੱਸਿਆ ਕਿ ਇੰਸਟੀਚਿਊਟ ਵਿਖੇ ਆਪਣੇ ਦੋ ਸਾਲ ਦੇ ਕਾਰਜ ਦੌਰਾਨ ਡਾ ਬੇਦੀ 'ਪੰਜਾਬੀ ਸਾਹਿਤ ਵਿਚ ਭਾਰਤੀ ਗਿਆਨ ਪਰੰਪਰਾ' ਵਿਸ਼ੇ ਉਤੇ ਲੇਖਣ ਤੇ ਖੋਜ ਕਾਰਜ ਕਰਨਗੇ। ਆਪ ਦੀਆਂ ਸਾਹਿਤ ਪ੍ਰਤੀ ਸ਼ਾਨਦਾਰ ਸੇਵਾਵਾਂ ਸਦਕਾ ਆਪ ਨੂੰ 2022 ਵਿਚ ਭਾਰਤ ਸਰਕਾਰ ਨੇ 'ਪਦਮ ਸ਼੍ਰੀ' ਨਾਲ ਨਿਵਾਜਿਆ। ਆਪਣੀ ਇਸ ਤਾਜਾ ਚੋਣ ਬਾਰੇ ਡਾ ਬੇਦੀ ਦਾ ਕਥਨ ਹੈ ਕਿ ਪਾਠਕ ਤੇ ਲੇਖਕ ਜਗਤ ਵੱਲੋਂ ਮਿਲੀ ਹੱਲਾਸ਼ੇਰੀ ਤੇ ਸ਼ੁਭ ਇਛਾਵਾਂ ਸਦਕਾ ਉਹ ਮਹੱਤਵਪੂਰਨ ਕਾਰਜ ਕਰਨ ਵਿੱਚ ਸਫਲ ਹੋਏ ਤੇ ਇਸ ਕਾਰਜ ਲਈ ਵੀ ਉਹ ਆਪਣਾ ਸਾਰਾ ਸਮਾਂ ਸਮਰਪਿਤ ਕਰਨਗੇ।