ਚੋਣ ਕਮਿਸ਼ਨ ਵੱਲੋਂ 'Book a Call with BLO' ਮਡਿਊਲ ਦੀ ਸ਼ੁਰੂਆਤ : ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਕਤੂਬਰ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਮ ਲੋਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਵੋਟਰ ਸਰਵਿਸ ਪੋਰਟਲ 'ਤੇ ਨਵਾਂ ਮਡਿਊਲ “ਬੁੱਕ ਏ ਕਾਲ ਵਿਦ ਬੀ.ਐੱਲ.ਓ” ਸ਼ੁਰੂ ਕੀਤਾ ਗਿਆ ਹੈ। ਇਸ ਸੁਵਿਧਾ ਰਾਹੀਂ ਆਮ ਨਾਗਰਿਕ ਜਾਂ ਵੋਟਰ ਹੁਣ ਬੂਥ ਲੈਵਲ ਅਫ਼ਸਰ (BLO) ਨਾਲ ਸਿੱਧੀ ਗੱਲਬਾਤ ਕਰ ਸਕਣਗੇ ਅਤੇ ਵੋਟਰ ਸੂਚੀ ਨਾਲ ਸੰਬੰਧਿਤ ਫਾਰਮਾਂ, ਵੋਟਰ ਪਹਿਚਾਣ ਪੱਤਰ, ਵੋਟਰ ਸਲਿੱਪਾਂ ਅਤੇ ਚੋਣਾਂ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਆਈ.ਏ.ਐੱਸ. ਨੇ ਦੱਸਿਆ ਕਿ ਜਦੋਂ ਕੋਈ ਨਾਗਰਿਕ ਵੋਟਰ ਸਰਵਿਸ ਪੋਰਟਲ 'ਤੇ “ਬੁੱਕ ਏ ਕਾਲ ਵਿਦ ਬੀ.ਐੱਲ.ਓ” ਆਪਸ਼ਨ ਦੀ ਵਰਤੋਂ ਕਰਕੇ ਕਾਲ ਬੁੱਕ ਕਰੇਗਾ, ਤਾਂ ਉਸਦੇ ਨਾਲ-ਨਾਲ ਸੰਬੰਧਿਤ ਬੀ.ਐੱਲ.ਓ ਨੂੰ ਵੀ ਇੱਕ ਟੈਕਸਟ ਮੈਸੇਜ ਪ੍ਰਾਪਤ ਹੋਵੇਗਾ। ਬੂਥ ਲੈਵਲ ਅਫ਼ਸਰ ਉਸ ਪ੍ਰਾਰਥੀ ਨੂੰ ਫੋਨ ਕਰਕੇ ਉਸਦੀ ਸਮੱਸਿਆ ਜਾਂ ਪੁੱਛਗਿੱਛ ਦਾ ਹੱਲ ਕਰੇਗਾ।
ਉਨ੍ਹਾਂ ਦੱਸਿਆ ਕਿ ਕਾਲ ਪੂਰੀ ਹੋਣ ਤੋਂ ਬਾਅਦ ਬੂਥ ਲੈਵਲ ਅਫ਼ਸਰ ਆਪਣੇ ਐਪ ਵਿੱਚ “ਕਾਲ ਰਿਕੁਐਸਟ” ਆਪਸ਼ਨ ਹੇਠਾਂ “ਕਨਟੈਕਟਿਡ” ਬਟਨ 'ਤੇ ਕਲਿੱਕ ਕਰਕੇ ਸਟੇਟਸ ਅਪਡੇਟ ਕਰੇਗਾ। ਇਹ ਪ੍ਰਣਾਲੀ ਪਾਰਦਰਸ਼ਤਾ ਤੇ ਤੇਜ਼ੀ ਨਾਲ ਵੋਟਰ ਸਬੰਧੀ ਸੇਵਾਵਾਂ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਵੋਟਰ ਸਰਵਿਸ ਪੋਰਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਗਤੀਵਿਧੀਆਂ ਬਾਰੇ ਸਮੇਂ-ਸਮੇਂ 'ਤੇ ਤਾਜ਼ਾ ਜਾਣਕਾਰੀ ਮਿਲਦੀ ਰਹੇ।