ਬਠਿੰਡਾ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਲਈ ਵੱਡੇ ਲੀਡਰਾਂ ਨੇ ਕਾਂਗਰਸੀਆਂ ਦੀ ਨਬਜ ਟੋਹੀ
ਅਸ਼ੋਕ ਵਰਮਾ
ਬਠਿੰਡਾ,17 ਸਤੰਬਰ 2025:ਬਠਿੰਡਾ ਸ਼ਹਿਰੀ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਦੀ ਚੋਣ ਲਈ ਅੱਜ ਮੱਧ ਪ੍ਰਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਤੇ ਵਿਧਾਇਕ ਬਾਲਾ ਬਚਨ ,ਸਾਬਕਾ ਮੰਤਰੀ ਤੇ ਆਬਜ਼ਰਵਰ ਗੁਰਪ੍ਰੀਤ ਸਿੰਘ ਕਾਂਗੜ ,ਦੁਰਲੱਭ ਸਿੰਘ ਸਿੱਧੂ ਅਤੇ ਨਰਿੰਦਰ ਸ਼ਰਮਾ ਨੇ ਆਗੂਆਂ ਅਤੇ ਵਰਕਰਾਂ ਦੀ ਨਬਜ਼ ਟੋਹੀ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਤੇ ਵਾਪਿਸੀ ਲਈ ਸੰਗਠਨ ਸਿਰਜਣ ਅਭਿਆਨ ਤਹਿਤ ਸਰਗਰਮੀਆਂ ਚਲਾ ਰਹੀ ਕਾਂਗਰਸ ਦੀ ਲੀਡਰਸ਼ਿਪ ਨੇ ਵਰਕਰਾਂ ਅਤੇ ਆਗੂਆਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਸਮੂਹ ਕਾਂਗਰਸੀਆਂ ਨੂੰ ਕਿਹਾ ਕਿ ਉਹ ਇਸ ਮਸਲੇ ਤੇ ਖੁੱਲ੍ਹਕੇ ਆਪਣੀ ਸਲਾਹ ਦੇਣ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਪਿਦਆਂ ਵਿਧਾਇਕ ਬਾਲਾ ਬਚਨ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਸੰਵਿਧਾਨ ਵਿਰੋਧੀ ਹੈ ਜਿਸ ਕਰਕੇ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਹੈ ।
ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਵਾਲੀ ਕਾਂਗਰਸ ਦੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਬਣਨਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹਰ ਪ੍ਰੀਵਾਰ ਨੂੰ ਵੱਡੀ ਮਾਰ ਪਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਕੋਈ ਸਮਾਂ ਨਹੀਂ ਕੱਢਿਆ ਤੇ ਨਾ ਹੀ ਕੋਈ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਹੜ੍ਹ ਪੀੜਤ ਪ੍ਰੀਵਾਰਾਂ ਨਾਲ ਰਾਹੁਲ ਗਾਂਧੀ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਨ ਲਈ ਆਏ ਅਤੇ ਜਾਇਜ਼ਾ ਲਿਆ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇਹ ਬੇਹੱਦ ਗੰਭੀਰ ਮਸਲਾ ਸੰਸਦ ਵਿੱਚ ਵੀ ਉਠਾਉਣਗੇ ਅਤੇ ਕੇਂਦਰ ਨੂੰ ਪੰਜਾਬ ਦੀ ਬਾਂਹ ਫੜ੍ਹਨ ਲਈ ਜੋਰ ਪਾਉਣਗੇ।
ਉਹਨਾਂ ਕਿਹਾ ਕਿ ਮਾਨ ਸਰਕਾਰ ਤੋਂ ਹਰ ਵਰਗ ਨਿਰਾਸ਼ ਹੈ ਅਤੇ ਕਾਂਗਰਸ ਦੀ ਸਰਕਾਰ ਚਾਹੁੰਦਾ ਹੈ । ਉਹਨਾਂ ਕਿਹਾ ਕਿ ਕਾਂਗਰਸ ਇੱਕਜੁੱਟ ਹੋ ਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਮੁੱਖ ਮੰਤਰੀ ਦਾ ਚਿਹਰਾ ਵੀ ਸਾਫ ਅਕਸ ਵਾਲਾ ਲੈ ਕੇ ਲੋਕਾਂ ਵਿੱਚ ਜਾਇਆ ਜਾਵੇਗਾ। ਉਹਨਾਂ 2027 ਵਿੱਚ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਧਾਨ ਦੀ ਚੋਣ ਲਈ ਹਾਈਕਮਾਂਡ ਨੂੰ ਪੈਨਲ ਭੇਜੇ ਜਾਣਗੇ ਅਤੇ ਸਮੂਹ ਵਰਕਰਾਂ ਦੀ ਸਲਾਹ ਨਾਲ ਚੋਣ ਕੀਤੀ ਜਾਏਗੀ।ਇਸ ਮੌਕੇ ਸਾਬਕਾ ਚੇਅਰਮੈਨ ਕੇਕੇ ਅਗਰਵਾਲ, ਡੈਲੀਗੇਟ ਪਵਨ ਮਾਨੀ, ਡਾਇਰੈਕਟਰ ਮਾਰਕਫੈਡ ਟਹਿਲ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ, ਰੁਪਿੰਦਰ ਬਿੰਦਰਾ ਅਤੇ ਮੁਕੇਸ਼ ਸ਼ਰਮਾ ਆਦਿ ਹਾਜ਼ਰ ਸਨ।