ਸਰਕਾਰੀ ਕਾਲਜ ਹੋਇਆ ਹਾਈਟੈਕ, ਐਮਏ ਪੰਜਾਬੀ ਦੇ ਨਾਲ ਨਵੇਂ ਕੋਰਸ ਵੀ ਹੋਏ ਸ਼ੁਰੂ
ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਕਾਲਜ ਦੀ ਵੈਬਸਾਈਟ ਦਾ ਕੀਤਾ ਉਦਘਾਟਨ ,ਹੁਣ ਘਰ ਬੈਠੇ ਦਾਖਲਾ ਲੈਣ ਤੇ ਚਾਹਵਾਨ ਆਨਲਾਈਨ ਭਰ ਸਕਦੇ ਹਨ ਦਾਖਲਾ ਫਾਰਮ
ਰੋਹਿਤ ਗੁਪਤਾ
ਗੁਰਦਾਸਪੁਰ, 5 ਜੁਲਾਈ - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਂਦਿਆਂ ਕਈ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਜਿੱਥੇ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਓਥੇ ਸੂਚਨਾ ਤਕਨਾਲੋਜੀ ਦੇ ਦੌਰ ਵਿੱਚ ਆਪਣੀ ਪਹੁੰਚ ਨੂੰ ਵਿਸ਼ਵ-ਵਿਆਪੀ ਬਣਾਉਂਦਿਆਂ ਨਵੀਂ ਵੈੱਬ-ਸਾਈਟ ਲਾਂਚ ਕੀਤੀ ਗਈ ਹੈ। ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਨਵੇਂ ਕੋਰਸਾਂ ਦੀ ਸ਼ੁਰੂਆਤ ਅਤੇ ਕਾਲਜ ਦੀ ਵੈੱਬ-ਸਾਈਟ ਲਾਂਚ ਕਰਨ ਦੀ ਰਸਮ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਰਮਨ ਬਹਿਲ ਵੱਲੋਂ ਨਿਭਾਈ ਗਈ। ਇਸ ਮੌਕੇ ਉਨ੍ਹਾਂ ਨਾਲ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ, ਕੌਂਸਲ ਮੈਂਬਰ ਡਾ. ਅਨੁਰਾਗ, ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਟਰੱਸਟੀ ਹਿਤੇਸ਼ ਮਹਾਜਨ ਅਤੇ ਪ੍ਰੋਫੈਸਰ ਸਾਹਿਬਾਨ ਵੀ ਮੌਜੂਦ ਸਨ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਦਿਆਂ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਚਾਰ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਬੀ.ਕਾਮ (ਟੈਕਸ ਪਲੈਨਿੰਗ ਐਂਡ ਮੈਨੇਜਮੈਂਟ), ਬੀ.ਬੀ.ਏ. (ਬੈਂਕਿੰਗ, ਫਾਇਨਾਂਸ ਸਰਵਿਸਜ਼ ਐਂਡ ਇੰਸ਼ੋਰੈਂਸ), ਐੱਮ ਕਾਮ ਅਤੇ ਐੱਮ.ਏ. ਪੰਜਾਬੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਇਹ ਨਵੇਂ ਕੋਰਸ ਸ਼ੁਰੂ ਹੋਣ ਨਾਲ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲੀ ਹੈ ਅਤੇ ਇਸ ਸਾਲ ਕਾਲਜ ਵਿੱਚ ਪਿੱਛਲੇ ਸਾਲ ਦੇ ਮੁਕਾਬਲੇ ਦੁਗਣੇ ਦਾਖ਼ਲੇ ਹੋਏ ਹਨ। ਇਸ ਤੋਂ ਇਲਾਵਾ ਕਾਲਜ ਦੀ ਨਵੀਂ ਵੈੱਬਸਾਈਟ ਉੱਪਰ ਸਾਰੀ ਅਕਾਦਮਿਕ ਸੂਚਨਾ ਉਪਲਬਧ ਹੋਵੇਗੀ ਅਤੇ ਇਸ ਉੱਪਰ ਅੰਡਰ ਗਰੇਜੂਏਟ ਅਤੇ ਪੋਸਟ ਗਰੇਜੂਏਟ ਦੇ ਦੂਜੇ ਭਾਗ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਆਨਲਾਈਨ ਦਾਖਲਾ ਫਾਰਮ ਭਰ ਸਕਣਗੇ ਅਤੇ ਆਪਣੀ ਫੀਸ ਦੀ ਅਦਾਇਗੀ ਵੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਵੈੱਬਸਾਈਟ ਡਾਇਨਾਮਿਕ ਹੋਵੇਗੀ ਅਤੇ ਡਿਜੀਟਲ ਪੰਜਾਬ ਵੱਲ ਇੱਕ ਕਦਮ ਵਧਾਵੇਗੀ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਚੇਰੀ ਸਿੱਖਿਆ ਦੇ ਖੇਤਰ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਸੀ ਜਿਸ ਕਾਰਨ ਸਾਡੇ ਨੌਜਵਾਨਾਂ ਨੂੰ ਉਚੇਰੀ ਪੜ੍ਹਾਈ ਲਈ ਵਿਦੇਸ਼ਾਂ ਦਾ ਰੁਖ ਕਰਨਾ ਪਿਆ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਆਗੂਆਂ ਨੇ ਸਿਰਫ਼ ਆਪਣਾ ਹੀ ਵਿਕਾਸ ਕੀਤਾ ਅਤੇ ਸਿੱਖਿਆ ਸੁਧਾਰ ਉਨ੍ਹਾਂ ਦੇ ਏਜੰਡੇ ਉੱਪਰ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸਿੱਖਿਆ ਕ੍ਰਾਂਤੀ ਤਹਿਤ ਹੁਣ ਸਕੂਲਾਂ/ਕਾਲਜਾਂ ਦੀ ਨੁਹਾਰ ਬਦਲ ਦਿੱਤੀ ਹੈ ਜਿਸਦੀ ਪ੍ਰਤੱਖ ਉਦਾਹਰਨ ਸਰਕਾਰੀ ਕਾਲਜ ਗੁਰਦਾਸਪੁਰ `ਚ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਨਵੇਂ ਕੋਰਸ ਸ਼ੁਰੂ ਹੋਣ ਦੇ ਨਾਲ ਪ੍ਰੋਫੈਸਰਾਂ ਦੀ ਭਰਤੀ ਵੀ ਕੀਤੀ ਗਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉਚੇਰੀ ਸਿੱਖਿਆ ਲਈ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਦਾਖਲਾ ਲੈ ਕੇ ਆਪਣੇ ਸੁਪਨਿਆਂ ਨੂੰ ਨਵੀਂ ਉਡਾਨ ਦੇਣ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਦੇ ਨਾਲ ਕਾਲਜ ਵਿੱਚ ਸ਼ੁਰੂ ਕੀਤੀਆਂ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।