ਤਰਨ ਤਾਰਨ ਪੁਲਿਸ ਵੱਲੋਂ ਪਿੰਡ ਦੁੱਬਲੀ 'ਚ ਆੜ੍ਹਤੀਆ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਗ੍ਰਿਫ਼ਤਾਰ
ਬਲਜੀਤ ਸਿੰਘ
ਪੱਟੀ, ਤਰਨਤਾਰਨ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੁੱਬਲੀ ਵਿੱਚ ਸਾਬਕਾ ਫੌਜੀ ਅਤੇ ਆੜਤੀਆ ਜਸਵੰਤ ਸਿੰਘ ਦੇ ਕਤਲ ਮਾਮਲੇ ਵਿੱਚ ਤਰਨਤਾਰਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਵਿਸ਼ੇਸ਼ ਮੁਹਿੰਮ ਹੇਠ ਮੁੱਖ ਦੋਸ਼ੀ ਤਰਨਬੀਰ ਸਿੰਘ ਉਰਫ ਤੰਨੂ ਨੂੰ 2 ਨਜਾਇਜ਼ ਪਿਸਤੌਲਾਂ, ਵਰਤਿਆ ਗਿਆ ਮੋਟਰਸਾਈਕਲ ਅਤੇ ਵਾਰਦਾਤ ਸਮੇਂ ਦੇ ਕਪੜਿਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਮਾਮਲੇ ਦੀ ਪੂਰੀ ਜਾਣਕਾਰੀ
ਕਤਲ ਦੀ ਵਾਰਦਾਤ:
3 ਮਈ 2025 ਨੂੰ ਪਿੰਡ ਦੁੱਬਲੀ ਵਿਖੇ ਸਵੇਰੇ 7 ਵਜੇ ਗੁਰੂ ਨਾਨਕ ਖੇਤੀ ਸਟੋਰ 'ਤੇ ਬੈਠੇ ਸਾਬਕਾ ਫੌਜੀ ਜਸਵੰਤ ਸਿੰਘ ਉੱਤੇ ਇਕ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਦੀ ਕਾਰਵਾਈ:
ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਹੋਣ ਤੋਂ ਬਾਅਦ, ਤਰਨਤਾਰਨ ਪੁਲਿਸ ਨੇ ਸੀ.ਆਈ.ਏ ਸਟਾਫ ਅਤੇ ਹੋਰ ਟੀਮਾਂ ਦੀ ਮਦਦ ਨਾਲ ਦੋਸ਼ੀ ਦੀ ਭਾਲ ਸ਼ੁਰੂ ਕੀਤੀ। ਹੋਊਮਨ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਪਤਾ ਲੱਗਾ ਕਿ ਮੁੱਖ ਦੋਸ਼ੀ ਤਰਨਬੀਰ ਸਿੰਘ ਉਰਫ ਤੰਨੂ ਵਾਸੀ ਭਿੱਖੀਵਿੰਡ ਹਾਲ ਮੋਹਕਮਪੁਰਾ, ਅੰਮ੍ਰਿਤਸਰ, ਵਾਰਦਾਤ ਤੋਂ ਬਾਅਦ ਅੰਮ੍ਰਿਤਸਰ ਬੱਸ ਅੱਡਾ ਨੇੜੇ ਮੋਟਰਸਾਈਕਲ 'ਤੇ ਮਿਲਿਆ।
ਗ੍ਰਿਫਤਾਰੀ ਅਤੇ ਬਰਾਮਦਗੀ:
ਪੁਲਿਸ ਨੇ ਤਰਨਬੀਰ ਸਿੰਘ ਨੂੰ ਯਾਮਾਹਾ ਐਫ.ਐਜ਼ ਮੋਟਰਸਾਈਕਲ (ਬਿਨਾਂ ਨੰਬਰ) ਸਮੇਤ, 30 ਬੋਰ ਅਤੇ 32 ਬੋਰ ਦੇ 2 ਨਜਾਇਜ਼ ਪਿਸਤੌਲ ਅਤੇ ਵਾਰਦਾਤ ਸਮੇਂ ਵਰਤੇ ਕਪੜੇ ਬਰਾਮਦ ਕਰ ਲਏ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਸ਼ੀ ਅਫਰੀਦੀ ਗੈਂਗ ਨਾਲ ਸੰਬੰਧਤ ਹੈ ਅਤੇ ਉਸਨੇ ਗੈਂਗ ਦੇ ਕਹਿਣ 'ਤੇ ਜਸਵੰਤ ਸਿੰਘ ਉੱਤੇ ਫਾਇਰਿੰਗ ਕਰਕੇ ਕਤਲ ਕੀਤਾ।
ਪੁਲਿਸ ਦੀ ਪ੍ਰਤੀਕਿਰਿਆ
ਤਰਨਤਾਰਨ ਪੁਲਿਸ ਨੇ ਕਿਹਾ ਕਿ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਜਾਰੀ ਰਹੇਗੀ ਅਤੇ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਹੋਰ ਵੀ ਸਖ਼ਤ ਕਦਮ ਚੁੱਕੇ ਜਾਣਗੇ।