ਮਾਲੇਰਕੋਟਲਾ ਵਿਚ ਪੰਜਾਬ ਬਚਾਉ ਯਾਤਰਾ ਨੂੰ ਜ਼ਬਰਦਸਤ ਹੁੰਗਾਰਾ, ਪਿਆਰ ਵੇਖ ਭਾਵੁਕ ਹੋਏ ਸੁਖਬੀਰ ਬਾਦਲ
- ਲੋਕਾਂ ਦਾ ਆਇਆ ਹੜ੍ਹ, ਸਾਹਿਬਜ਼ਾਦਾ ਸਕੂਲ ਚੌਕ ਤੋਂ ਲੈ ਕੇ ਸਰਹੰਦੀ ਗੇਟ ਤਕ ਪੈਰ ਧਰਨ ਨੂੰ ਜਗ੍ਹਾ ਨਾ ਰਹੀ
- ਮਾਲੇਰਕੋਟਲਾ ਵਾਸੀਆਂ ਦਾ ਪਿਆਰ ਵੇਖ ਕ ਭਾਵੁਕ ਹੋ ਗਏ ਸੁਖਬੀਰ ਸਿੰਘ ਬਾਦਲ
- ਮਾਲੇਰਕੋਟਲਾ ਨੂੰ ਇਤਿਹਾਸਕ ਅਤੇ ਧਾਰਮਕ ਸ਼ਹਿਰ ਵਜੋਂ ਵਿਕਸਿਤ ਕਰਨ ਦਾ ਐਲਾਨ ਕਰ ਦਿਤਾ
- ਜ਼ਾਹਿਦਾ ਸੁਲੇਮਾਨ ਨੇ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਕੀਤਾ ਧੰਨਵਾਦ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 12 ਮਈ ,2024 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਪੰਜਾਬ ਬਚਾਉ ਯਾਤਰਾ ਨੂੰ ਹਲਕਾ ਮਾਲੇਰਕੋਟਲਾ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ। ਜਿਥੋਂ-ਕਿਤੋਂ ਵੀ ਯਾਤਰਾ ਲੰਗੀ, ਉਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰਕੇ ਇਸ ਦਿਨ ਨੂੰ ਇਕ ਤਿਉਹਾਰ ਵਜੋਂ ਮਨਾਇਆ। ਇਹ ਯਾਤਰਾ ਦੁਪਹਿਰ ਬਾਅਦ ਕਰੀਬ 3.30 ਵਜੇ ਸੰਦੌੜ ਦਾਣਾ ਮੰਡੀ ਤੋਂ ਸੈਂਕੜੇ ਟਰੈਕਟਰਾਂ, ਮੋਟਰਸਾਈਕਲਾਂ, ਕਾਰਾਂ ਅਤੇ ਹੋਰ ਵਾਹਣਾਂ ਦੇ ਕਾਫ਼ਲੇ ਨਾਲ ਆਰੰਭ ਹੋਈ ਅਤੇ ਰਾਤ 9.00 ਦੇ ਕਰੀਬ ਮਾਲੇਰਕੋਟਲਾ ਦੇ ਚੌਕ-786 ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਜ਼ੋਰਦਾਰ ਨਾਹਰੇ ਬੁਲੰਦ ਕਰਦੀ ਹੋਈ ਸਮਾਪਤ ਹੋਈ।
ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਰਹੇ। ਪੰਜਾਬ ਬਚਾਉ ਯਾਤਰਾ ਦੀ ਖ਼ਾਸੀਅਤ ਇਹ ਰਹੀ ਕਿ 25 ਤੋਂ 30 ਕਿਲੋਮੀਟਰ ਤਕ ਚੱਲੀ ਇਸ ਯਾਤਰਾ ਵਿਚ ਹਰ ਪਿੰਡ ਅਤੇ ਸ਼ਹਿਰ ਦੇ ਹਰ ਹਿੱਸੇ ਵਿਚੋਂ ਨਵੇਂ ਲੋਕ ਸ਼ਾਮਲ ਹੁੰਦੇ ਗਏ ਅਤੇ ਅੰਤ ਸਿਟੀ ਪੁਆਇੰਟ, ਸੱਟਾ ਚੌਕ ਤੋਂ ਦਿੱਲੀ ਗੇਟ, ਸਰਹੰਦੀ ਗੇਟ ਤਕ ਸਾਰੇ ਇਲਾਕੇ ਵਿਚ ਲੋਕਾਂ ਦਾ ਸੈਲਾਬ ਆ ਗਿਆ। ਲੋਕਾਂ ਨੇ ਜਗ੍ਹਾ-ਜਗ੍ਹਾ ਸ. ਸੁਖਬੀਰ ਸਿੰਘ ਬਾਦਲ, ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸ. ਇਕਬਾਲ ਸਿੰਘ ਝੂੰਦਾਂ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦਾ ਜ਼ੋਰਦਾਰ ਅਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ।
ਲੋਕਾਂ ਨੇ ਅਪਣੀਆਂ ਦੁਕਾਨਾਂ ਅਤੇ ਘਰਾਂ ਦੀਆਂ ਛੱਤਾਂ ਉਤੋਂ ਖੜੇ ਹੋ ਕੇ ਸੁਖਬੀਰ ਸਿੰਘ ਬਾਦਲ ਉਤੇ ਫੁੱਲਾਂ ਦੀ ਬਾਰਿਸ਼ ਕੀਤੀ। ਜਗ੍ਹਾ ਜਗ੍ਹਾ ਲੱਡੂਆਂ, ਚਾਹ, ਫਲਾਂ ਅਤੇ ਕੋਲਡ ਡਰਿੰਗ ਆਦਿ ਦਾ ਲੰਗਰ ਲਗਾਇਆ ਗਿਆ। ਧਾਰਮਕ, ਸਮਾਜਕ, ਸਭਿਆਚਾਰਕ ਅਤੇ ਹੋਰ ਸੰਗਠਨ ਚਲਾ ਰਹੇ ਲੋਕਾਂ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਚਾਂਦੀ ਦੀ ਤੱਕੜੀ, ਖੂੰਡੇ, ਗੁਰਜਾਂ ਅਤੇ ਹੋਰ ਸਮਾਨ ਦੇ ਕੇ ਪੰਜਾਬ ਦੇ ਸ਼ੇਰ ਦਾ ਖਿ਼ਆਬ ਦਿਤਾ ਅਤੇ ਆਖਿਆ ਕਿ ਸਿਰਫ਼ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦੇ ਇਕੋ-ਇਕ ਅਜਿਹੇ ਨੇਤਾ ਹਨ ਜਿਹੜੇ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹਨ।
ਸਾਰੇ ਵਰਗਾਂ ਦੇ ਲੋਕਾਂ ਅਤੇ ਧਾਰਮਕ ਸਥਾਨਾਂ ਦੇ ਮੁਖੀਆਂ ਨੇ ਪੰਜਾਬ ਬਚਾਉ ਯਾਤਰਾ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੂੰ ਏਨਾ ਸਤਿਕਾਰ ਅਤੇ ਪਿਆਰ ਦਿਤਾ ਕਿ ਉਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਆ ਕੇ ਭਾਵੁਕ ਹੋ ਗਏ ਅਤੇ ਉਨ੍ਹਾਂ ਆਖਿਆ ਕਿ ਮਾਲੇਰਕੋਟਲਾ ਦੇ ਆਪਸੀ ਭਾਈਚਾਰੇ ਅਤੇ ਜਨਤਾ ਵਲੋਂ ਸੁਆਗਤ ਨੇ ਉਨ੍ਹਾਂ ਉਤੇ ਕਰਜ਼ ਚਾੜ੍ਹ ਦਿਤਾ ਹੈ, ਜੇ ਪ੍ਰਮਾਤਮਾ ਨੇ ਮਿਹਰ ਕੀਤੀ ਤਾਂ ਮਾਲੇਰਕੋਟਲਾ ਨੂੰ ਧਾਰਮਕ ਤੇ ਇਤਿਹਾਸ ਸ਼ਹਿਰ ਬਣਾ ਕੇ ਸਾਰਾ ਕਰਜ਼ਾ ਵਿਆਜ ਸਮੇਤ ਵਪਾਸ ਕਰ ਦਿਆਂਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਜੂਨ ਨੂੰ ਤੱਕੜੀ ਦੇ ਨਿਸ਼ਾਨ ਦਾ ਬਟਨ ਦਬਾ ਕੇ ਪਾਰਟੀ ਦੇ ਉਮੀਦਵਾਰ ਸ. ਇਕਬਾਲ ਸਿੰਘ ਝੂੰਦਾਂ ਨੂੰ ਕਾਮਯਾਬ ਕਰਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਝੂਠ ਬੋਲ ਕੇ ਪੰਜਾਬੀਆਂ ਦਾ ਬਹੁਤ ਨੁਕਸਾਨ ਕਰ ਦਿਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅਪਣੀਆਂ ਭੁੱਲਾਂ ਅਤੇ ਗ਼ਲਤੀਆਂ ਬਖ਼ਸ਼ਵਾ ਕੇ, ਅਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਲਿਆਈਏ ਅਤੇ ਪੰਜਾਬ ਨੂੰ ਲੋਟੂ ਕਿਸਮ ਦੇ ਨੇਤਾਵਾਂ ਤੋਂ ਬਚਾਈਏ। ਯਾਤਰਾ ਦੇ ਅੱਗੇ ਅੱਗੇ ਵੱਡੀ ਗਿਣਤੀ ਵਿਚ ਨੌਜੁਆਨ ਮੋਟਰਸਾਈਕਲਾਂ ਉਤੇ ਸਵਾਰ ਰਹੇ ਅਤੇ ਸੁਖਬੀਰ ਸਿੰਘ ਬਾਦਲ, ਇਕਬਾਲ ਸਿੰਘ ਝੂੰਦਾਂ ਅਤੇ ਜ਼ਾਹਿਦਾ ਸੁਲੇਮਾਨ ਜ਼ਿੰਦਾਬਾਦ ਦੇ ਨਾਹਰੇ ਲਗਾਉਂਦੇ ਰਹੇ। ਸਿਟੀ ਪੁਆਇੰਟ ਵਿਖੇ ਮੁਹੰਮਦ ਆਹਦ ਅਤੇ ਸਾਥੀਆਂ, ਸੱਟਾ ਬਾਜ਼ਾਰ ਵਿਚ ਕਾਕਾ ਚੌਧਰੀ ਅਤੇ ਸਾਥੀਆਂ ਅਤੇ ਦਿੱਲੀ ਗੇਟ ਵਿਖੇ ਯੂਥ ਨੇਤਾਵਾਂ ਖਿਜ਼ਰ ਅਲੀ ਖ਼ਾਨ ਤੇ ਸਾਥੀਆਂ ਨੇ ਸੁਖਬੀਰ ਦੀ ਆਮਦ ਦੀ ਖ਼ੁਸ਼ੀ ਵਿਚ ਪਟਾਕੇ ਅਤੇ ਅਨਾਰ ਚਲਾ ਕੇ ਦੀਵਾਲੀ ਵਰਗਾ ਮਾਹੌਲ ਪੈਦਾ ਕਰ ਦਿਤਾ। ਕੱਚਾ ਕੋਟ, ਸਰਹੰਦੀ ਗੇਟ ਅਤੇ ਕੰਬੋਜ ਸਕੂਲ ਨੇੜੇ ਲੋਕਾਂ ਦੇ ਹਜੂਮ ਨੇ ਸਾਬਤ ਕਰ ਦਿਤਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਬਹੁਤ ਸਤਿਕਾਰ ਕਰਦੇ ਹਨ।
ਨੌਧਰਾਣੀ ਰੋਡ ਤੋਂ ਜਿਵੇਂ ਹੀ ਯਾਤਰਾ ਮਾਲੇਰਕੋਟਲਾ ਵਿਚ ਦਾਖ਼ਲ ਹੋਈ ਤਾਂ ਜਗ੍ਹਾ ਜਗ੍ਹਾ ਢੋਲ-ਨਗਾੜੇ ਅਤੇ ਵਾਜੇ ਵੱਜਣੇ ਆਰੰਭ ਹੋ ਗਏ। ਸੈਂਕੜਿਆਂ ਦੀ ਗਿਣਤੀ ਵਿਚ ਮੋਟਰਸਾਈਕਲ ਸਵਾਰ ਨੌਜੁਆਨਾਂ ਨੇ ਸੁਖਬੀਰ ਬਾਦਲ ਦਾ ਅਕਾਸ਼-ਗੂੰਝਵੇਂ ਸ਼ਾਨਦਾਰ ਨਾਹਰਿਆਂ ਨਾਲ ਸੁਆਗਤ ਕੀਤਾ। ਕਾਲਜ ਰੋਡ, ਗੁਰਦੁਆਰਾ ਸਾਹਿਬ ਚੌਕ, ਲੀ ਪਲਾਜ਼ਾ, ਹੰਗਰੀ ਪੁਆਇੰਟ, ਕੱਟਾ ਕੋਟ, ਸਰਹੰਦੀ ਗੇਟ, ਕੰਬੋਜ ਸਕੂਲ, ਕੂਲਰ ਚੌਕ, ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਡੇਕਾਂ ਵਾਲਾ, ਗੇਲੋਂਗੇਟ, ਰਾਏਕੋਟ ਰੋਡ ਨੂੰ ਜਾਂਦੇ ਪੁਲ ਹੇਠਾਂ, ਮਾਨਾ ਫ਼ਾਟਕ, ਵੱਡੀ ਈਦਗਾਹ, ਭਗਵਾਨ ਬਾਲਮੀਕਿ ਨਗਰ ਮਾਲੇਰ ਅਤੇ ਚੌਕ 786 ਸਮੇਤ ਬੇਸ਼ੁਮਾਰ ਥਾਵਾਂ ਉਤੇ ਪੰਜਾਬ ਬਚਾਉ ਯਾਤਰਾ ਦਾ ਨਾ ਸਿਰਫ ਸਿਰੋਪਾਉ ਤੇ ਹਾਰਾਂ ਨਾਲ ਸੁਆਗਤ ਕੀਤਾ ਗਿਆ ਬਲਕਿ ਸੁਖਬੀਰ ਬਾਦਲ ਨਾਲ ਵਾਅਦਾ ਵੀ ਕੀਤਾ ਗਿਆ ਕਿ ਮਾਲੇਰਕੋਟਲਾ ਹਲਕੇ ਵਿਚ ਪਾਰਟੀ ਦੇ ਉਮੀਦਵਾਰ ਸ. ਇਕਬਾਲ ਸਿੰਘ ਝੂੰਦਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ ਜਾਵੇਗਾ।
ਭੀੜ ਅਤੇ ਨੌਜੁਆਨਾਂ ਦਾ ਉਤਸ਼ਾਹ ਵੇਖ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਨਵੇਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਪਿਛਲੇ ਇਕ ਸਾਲ ਵਿਚ ਬਹੁਤ ਮਿਹਨਤੀ ਕੀਤੀ ਹੈ ਜਿਸ ਦਾ ਨਤੀਜਾ ਅੱਜ ਸਾਹਮਣੇ ਹੈ। ਬੀਬਾ ਨੇ ਅਕਾਲੀ ਦਲ ਨੂੰ ਨਵਾਂ ਰੂਪ ਦੇ ਕੇ ਨਵਾਂ ਜੋਸ਼ ਭਰ ਦਿਤਾ ਹੈ। ਇਕੱਠ ਤੋਂ ਸਾਬਤ ਹੋ ਗਿਆ ਹੈ ਕਿ ਲੋਕ ਸਭਾ ਚੋਣਾਂ ਵਿਚ ਸ. ਇਕਬਾਲ ਸਿੰਘ ਝੂੰਦਾਂ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਬੀਬਾ ਜ਼ਾਹਿਦਾ ਸੁਲੇਮਾਨ ਦੀ ਜਿੱਤ ਪੱਕੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇ ਪ੍ਰਮਾਤਮਾ ਦੀ ਮਿਹਰ ਸਦਕਾ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਬੀਬਾ ਨੂੰ ਮੰਤਰੀ ਬਣਾਇਆ ਜਾਵੇਗਾ। ਯਾਤਰਾ ਦੌਰਾਨ ਸ. ਸੁਖਬੀਰ ਸਿੰਘ ਬਾਦਲ ਅਤੇ ਜ਼ਾਹਿਦਾ ਸੁਲੇਮਾਨ ਨਾਲ ਅਨੇਕਾਂ ਬੀਬੀਆਂ ਅਤੇ ਬਜ਼ੁਰਗਾਂ ਨੇ ਅਪਣੀਆਂ ਪ੍ਰੇਸ਼ਾਨੀਆਂ ਸਾਂਝੀਆਂ ਕੀਤੀਆਂ। ਕਈ ਜਥੇਬੰਦੀਆਂ ਨੇ ਅਪਣੇ ਮੰਗ-ਪੱਤਰ ਦਿਤੇ ਤਾਕਿ ਉਨ੍ਹਾਂ ਦੀਆਂ ਮੰਗਾਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿਚ ਪਾਈਆਂ ਜਾ ਸਕਣ। ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਬ ਬਣਦਿਆਂ ਹੀ ਪੰਜਾਬ ਦੇ ਲੋਕਾਂ ਦੇ ਜਿੰਨੇ ਵੀ ਮਸਲ ਹਨ, ਉਨ੍ਹਾਂ ਸਾਰਿਆਂ ਨੂੰ ਹੱਲ ਕਰ ਦਿਤਾ ਜਾਵੇਗਾ। ਯਾਤਰਾ ਦੇ ਆਰੰਭ ਤੋਂ ਲੈ ਕੇ ਸਮਾਪਤੀ ਤਕ ਬੀਬਾ ਜ਼ਾਹਿਦਾ ਸੁਲੇਮਾਨ ਨੇ ਬਿਨਾਂ ਕੋਈ ਕਾਗਜ਼ ਵੇਖੇ 6 ਘੰਟੇ ਤਕ ਭਾਸ਼ਨ ਦਿਤਾ ਜਿਸ ਕਾਰਨ ਯਾਤਰਾ ਵਿਚ ਸ਼ਾਮਲ ਲੋਕਾਂ ਅੰਦਰ ਉਤਸ਼ਾਹ ਬਣਿਆ ਰਿਹਾ।
ਦੂਜੇ ਪਾਸੇ ਉਨ੍ਹਾਂ ਵਿਰੋਧੀ ਨੇਤਾਵਾਂ ਦੇ ਵੀ ਸਾਰੇ ਭੁਲੇਖੇ ਦੂਰ ਹੋ ਗਏ ਜਿਨ੍ਹਾਂ ਦਾ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਕਮਜ਼ੋਰ ਕਰਨ ਦਾ ਜ਼ੋਰ ਲੱਗਾ ਹੋਇਆ ਸੀ। ਪੰਜਾਬ ਬਚਾਉ ਯਾਤਰਾ ਤੋਂ ਬੀਬਾ ਜ਼ਾਹਿਦਾ ਸੁਲੇਮਾਨ ਦਾ ਸਿਆਸਤ ਵਿਚ ਕੱਦ ਹੋ ਉੱਚਾ ਹੋ ਗਿਆ। ਇਸ ਯਾਤਰਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ, ਰੀਅਲ ਫ਼ਲੇਵਰਜ਼ ਮੀਡੀਆ ਗਰੁਪ ਚੰਡੀਗੜ੍ਹ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਦੁਰਗੇਸ਼ ਗਾਜਰੀ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਡਾ. ਸਿਰਾਜ ਚੱਕ, ਜਨਰਲ ਕੌਂਸਲ ਮੈਂਬਰ ਸ੍ਰੀ ਆਜ਼ਾਦ ਸਿਦੀਕੀ, ਜਨਰਲ ਕੌਂਸਲ ਮੈਂਬਰ ਕਾਕਾ ਚੌਧਰੀ, ਜਨਰਲ ਕੌਂਸਲ ਮੈਂਬਰ ਸ. ਬਲਬੀਰ ਸਿੰਘ ਕੁਠਾਲਾ, ਦਿਹਾਤੀ ਸਰਕਲ ਸੰਦੌੜ ਦੇ ਪ੍ਰਧਾਨ ਸ. ਮਨਦੀਪ ਸਿੰਘ ਮਾਣਕਵਾਲ, ਚੱਕ ਕਲਾਂ ਸਰਕਲ ਦੇ ਪ੍ਰਧਾਨ ਸ. ਰਾਜਪਾਲ ਸਿੰਘ ਰਾਜੂ ਚੱਕ, ਨੌਧਰਾਣੀ ਸਰਕਲ ਪ੍ਰਧਾਨ ਇਕਬਾਲ ਮੁਹੰਮਦ ਹਥਣ, ਸ਼ਹਿਰੀ ਸਰਕਲ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਸੈਂਟਰਲ ਸਰਕਲ ਪ੍ਰਧਾਨ ਸ੍ਰੀ ਰਜਨੀਸ਼ ਰਿੱਖੀ, ਸਰਕਲ ਪ੍ਰਧਾਨ ਮਹਿਬੂਬ ਆਲਮ, ਯੂਥ ਨੇਤਾ ਹਾਤਿਮ ਅਲੀ ਖ਼ਾਨ, ਸਾਬਕਾ ਸ਼ਹਿਰੀ ਪ੍ਰਧਾਨ ਮੁਹੰਮਦ ਸ਼ਫ਼ੀਕ ਚੌਹਾਨ, ਯੂਥ ਨੇਤਾ ਮੁਹੰਮਦ ਅਮਜਦ ਆਜੂ, ਯੂਥ ਆਗੂ ਚੌਧਰੀ ਅਬਦੁਲ ਰਹਿਮਾਨ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਉਦਯੋਗਪਤੀ ਮੁਹੰਮਦ ਮਹਿਮੂਦ ਗੋਲਡਨ, ਪੱਪੂ ਖ਼ਾਨ, ਖਲੀਕ ਕੁਰੈਸ਼ੀ ਕੇਟਨ, ਯੂਥ ਆਗੂ ਰਵੀ ਬੱਗਣ ਅਤੇ ਅਬਦੁਲ ਸੱਤਾਰ ਬੇਰੀਵਾਲਾ ਯਾਤਰਾ ਦੇ ਆਰੰਭ ਤੋਂ ਲੈ ਕੇ ਸਮਾਪਤੀ ਤਕ ਨਾਲ ਰਹੇ।