ਮਾਲ ਦੇ ਵੈਕਸ ਮਿਊਜ਼ੀਅਮ 'ਚ ਲਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ, ਸਿੱਖਾਂ 'ਚ ਭਾਰੀ ਰੋਸ
ਪਟਨਾ, 7 ਜੂਨ 2023- ਬਿਹਾਰ ਦੀ ਰਾਜਧਾਨੀ ਪਟਨਾ ਦੇ ਲੋਦੀਪੁਰ ਸਥਿਤ ਇਕ ਮਾਲ ਦੇ ਵੈਕਸ ਮਿਊਜ਼ੀਅਮ 'ਚ ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੋਮ ਦਾ ਬੁੱਤ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਉਥੇ ਹੀ ਦੂਜੇ ਪਾਸੇ, ਅਕਾਲੀ ਦਲ ਦੀ ਐਮ.ਪੀ. ਹਰਸਿਮਰਤ ਕੌਰ ਬਾਦਲ ਵਲੋਂ ਟਵੀਟ ਕਰਕੇ ਲਿਖਿਆ ਹੈ ਕਿ, ਮਹਾਨ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ, ਪਰਮ ਸ਼ਕਤੀ ਦੇ ਨਿਰਾਕਾਰ ਸਰੂਪ ਉੱਤੇ ਜ਼ੋਰ ਦਿੰਦੇ ਹਨ। ਇਸੇ ਲਈ ਸਿੱਖ ਮਰਿਯਾਦਾ ਮੂਰਤੀ ਪੂਜਾ ਤੋਂ ਵਰਜਦੀ ਹੈ। ਪਟਨਾ ਵਿੱਚ ਅਡਾਨੀ ਦੀ ਮਾਲਕੀ ਵਾਲੀ ਕੰਪਨੀ ਅੰਬੂਜਾ ਮਾਲ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਤ ਕਰਨਾ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਹੈ।
ਇਸ ਲਈ ਜ਼ਿੰਮੇਵਾਰ ਸਿੱਖ ਕੌਮ ਤੋਂ ਮੁਆਫੀ ਮੰਗਣ। ਸਰਕਾਰ ਨੂੰ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ। ਖ਼ਬਰ ਲਿਖੇ ਜਾਣ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਖਲ ਤੋਂ ਬਾਅਦ ਮਾਲ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੋਮ ਦਾ ਬੁੱਤ ਹਟਾਇਆ ਗਿਆ ਸੀ।