ਖੱਬੀਆਂ ਤੇ ਪ੍ਰਗਤੀ ਹਾਮੀ ਧਿਰਾਂ ਦੀ ਏਕਤਾ ਲਈ ਸਿਰਤੋੜ ਯਤਨ ਕਰਨ ਦੇ ਸੰਕਲਪ ਨਾਲ ਸੰਪੰਨ ਹੋਈ ਆਰ.ਐਮ.ਪੀ.ਆਈ. ਦੀ ਦੂਜੀ ਕਾਨਫਰੰਸ
- ਪਾਸਲਾ ਨੇ ਵਿਆਪਕ ਜਨ ਆਧਾਰ ਵਾਲੀ ਮਜ਼ਬੂਤ ਪਾਰਟੀ ਉਸਾਰਨ ਦਾ ਦਿੱਤਾ ਸੱਦਾ
- ਕਾਮਰੇਡ ਰਤਨ ਸਿੰਘ ਰੰਧਾਵਾ ਪ੍ਰਧਾਨ ਅਤੇ ਪਰਗਟ ਸਿੰਘ ਜਾਮਾਰਾਏ ਸਕੱਤਰ ਚੁਣੇ ਗਏ
ਦਲਜੀਤ ਕੌਰ ਭਵਾਨੀਗੜ੍ਹ
ਜਖ਼ੇਪਲ/ਸੰਗਰੂਰ, 28 ਸਤੰਬਰ, 2022: ਇਤਿਹਾਸਕ ਨਗਰ ਜਖ਼ੇਪਲ ਦੇ ਸੰਜੋਗ ਪੈਲੇਸ ਅੰਦਰ ਉਚੇਚੇ ਵਸਾਏ ਗਏ 'ਸ਼ਹੀਦ ਊਧਮ ਸਿੰਘ ਨਗਰ', 'ਗ਼ਦਰੀ ਬੀਬੀ ਗੁਲਾਬ ਕੌਰ ਹਾਲ', 'ਕਾਮਰੇਡ ਸਤਵੰਤ ਸਿੰਘ ਮੰਚ' ਵਿਖੇ 25 ਸਤੰਬਰ ਤੋਂ ਸ਼ੁਰੂ ਹੋਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਦੂਸਰੀ ਤਿੰਨ ਰੋਜਾ ਜਥੇਬੰਦਕ ਕਾਨਫਰੰਸ ਉਤਸ਼ਾਹ ਪੂਰਵਕ ਮਾਹੌਲ ਵਿੱਚ ਸਫਲਤਾ ਸਹਿਤ ਸੰਪੰਨ ਹੋਈ।
ਹਾਜ਼ਰ ਡੈਲੀਗੇਟਾਂ ਵੱਲੋਂ ਆਰ.ਐੱਸ.ਐੱਸ. ਦੇ ਫਿਰਕੂ-ਫਾਸ਼ੀ, ਫੁੱਟਪਾਊ ਏਜੰਡੇ, ਭਾਰਤੀ ਲੋਕਾਈ ਨੂੰ ਕੰਗਾਲ ਕਰਕੇ ਕਾਰਪੋਰੇਟਾਂ ਤੇ ਉਨ੍ਹਾਂ ਦੇ ਸਾਮਰਾਜੀ ਜੋਟੀਦਾਰਾਂ ਦੀ ਬੇਕਿਰਕ ਲੁੱਟ ਦੀ ਗਰੰਟੀ ਕਰਦੀਆਂ ਮੋਦੀ ਸਰਕਾਰ ਦੀਆਂ ਨਵ ਉਦਾਰਵਾਦੀ ਨੀਤੀਆਂ, ਪ੍ਰਸ਼ਾਸ਼ਕੀ ਜਬਰ ਤੇ ਭ੍ਰਿਸ਼ਟਾਚਾਰ ਖਿਲਾਫ਼ ਤਿੱਖੇ ਸੰਘਰਸ਼ ਵਿੱਢਣ ਦਾ ਸੰਕਲਪ ਲਿਆ ਗਿਆ।
ਉਕਤ ਦਿਸ਼ਾ ਵਿੱਚ ਸਮੁੱਚੇ ਖੱਬੇ ਪੱਖ ਅਤੇ ਜਮਹੂਰੀਅਤ, ਧਰਮ ਨਿਰਪੱਖਤਾ ਤੇ ਫੈਡਰਲਿਜ਼ਮ ਦੇ ਹੱਕ ਵਿੱਚ ਖਲੋਣ ਵਾਲੀਆਂ ਤਾਕਤਾਂ ਦੀ ਇਕਜੁੱਟ ਸੰਗਰਾਮੀ ਦਖ਼ਲ ਅੰਦਾਜ਼ੀ ਯਕੀਨੀ ਬਨਾਉਣ ਲਈ ਹਰ ਸੰਭਵ ਯਤਨ ਜੁਟਾਉਣ ਦਾ ਨਿਰਣਾ ਲਿਆ ਗਿਆ।
ਮੋਦੀ ਸਰਕਾਰ ਵਾਲੀਆਂ ਹੀ ਤਬਾਹਕੁੰਨ ਨੀਤੀਆਂ 'ਤੇ ਇੰਨ-ਬਿੰਨ ਅਮਲ ਕਰਨ ਵਾਲੀ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਨਖਿੱਧ ਪ੍ਰਸ਼ਾਸ਼ਨਿਕ ਕਾਰਗੁਜ਼ਾਰੀ ਖਿਲਾਫ਼ ਪਾਰਟੀ ਅਤੇ ਜਨਤਕ ਫਰੰਟਾਂ ਵੱਲੋਂ ਤਿੱਖੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ।
ਲੁੱਟ-ਚੋਂਘ ਤੋਂ ਕਿਰਤੀ ਦੀ ਬੰਦ ਖਲਾਸੀ ਦੀ ਲਾਲ ਝੰਡੇ ਦੀ ਲਹਿਰ ਲਈ ਸਮੁੱਚਾ ਜੀਵਨ ਅਰਪਨ ਕਰਨ ਵਾਲੇ ਸਾਥੀ ਸਤਨਾਮ ਰਾਏ, ਸਾਥੀ ਤੇਜਾ ਸਿੰਘ ਬੇਨੜਾ ਅਤੇ ਸਾਥੀ ਗੱਜਣ ਸਿੰਘ ਦੁੱਗਾਂ ਨੇ ਕਾਨਫਰੰਸ ਵਿੱਚ ਉਚੇਚੇ ਸ਼ਾਮਲ ਹੋ ਕੇ ਡੈਲੀਗੇਟਾਂ ਦਾ ਉਤਸ਼ਾਹ ਵਧਾਇਆ।
ਪਹਿਲੇ ਦਿਨ ਪੇਸ਼ ਕੀਤੀ ਗਈ ਰਿਪੋਰਟ 'ਤੇ ਹੋਈ ਬਹਿਸ 'ਚ ਭਾਗ ਲੈਣ ਵਾਲੇ 64 ਡੈਲੀਗੇਟਾਂ ਵੱਲੋਂ ਉਠਾਏ ਮੁੱਲਵਾਨ ਨੁਕਤਿਆਂ ਦਾ ਪਰਗਟ ਸਿੰਘ ਜਾਮਾਰਾਏ ਵੱਲੋਂ ਜਵਾਬ ਦਿੱਤੇ ਜਾਣ ਉਪਰੰਤ ਰਿਪੋਰਟ ਸਰਵ ਸੰਮਤੀ ਨਾਲ ਪ੍ਰਵਾਨ ਕੀਤੀ ਗਈ।
ਪੰਜਾਬ ਭਰ ਚੋਂ ਪਿੰਡ ਪੱਧਰ ਤੋਂ ਜਮਹੂਰੀ ਢੰਗ ਨਾਲ ਚੁਣ ਕੇ ਆਏ ਡੈਲੀਗੇਟਾਂ ਨੇ ਸਰਵ ਸੰਮਤੀ ਨਾਲ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ।
ਸਾਥੀ ਰਤਨ ਸਿੰਘ ਰੰਧਾਵਾ ਨੂੰ ਪ੍ਰਧਾਨ ਪਰਗਟ ਸਿੰਘ ਜਾਮਾਰਾਏ ਨੂੰ ਸਕੱਤਰ ਅਤੇ ਪ੍ਰੋ ਜੈਪਾਲ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ।
ਸਮਾਪਨ ਭਾਸ਼ਣ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਉਚੇਰੀ ਵਿਚਾਰਧਾਰਕ ਤੇ ਸਿਧਾਂਤਕ ਸੂਝ ਨਾਲ ਲੈਸ, ਵਿਆਪਕ ਜਨ ਆਧਾਰ ਵਾਲੀ ਮਜ਼ਬੂਤ ਪਾਰਟੀ ਉਸਾਰਨ ਲਈ ਜੁਟ ਜਾਣ ਦਾ ਸੱਦਾ ਦਿੱਤਾ।
ਉਹਨਾਂ ਕਾਨਫਰੰਸ ਦੇ ਸੁਚੱਜੇ ਪ੍ਰਬੰਧਾਂ 'ਚ ਮਹਤਵਪੂਰਣ ਯੋਗਦਾਨ ਪਾਉਣ ਵਾਲੇ ਜਿਲ੍ਹੇ ਦੇ ਮਿਹਨਤੀ ਲੋਕਾਂ, ਪੱਤਰਕਾਰ ਭਾਈਚਾਰੇ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਭਰਾਤਰੀ ਜੱਥੇਬੰਦੀਆਂ ਦਾ ਉਚੇਚਾ ਧੰਨਵਾਦ ਵੀ ਕੀਤਾ।