ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਈਕਲ ਰੈਲੀ 28 ਸਤੰਬਰ ਨੂੰ ਕੱਢੀ ਜਾਵੇਗੀ
ਲੋਕ ਆਪਣੇ ਘਰਾਂ ਵਿੱਚ ਤਿਰੰਗੇ ਲਹਿਰਾਉਣ ਦੇ ਨਾਲ ਦੀਪਮਾਲਾ ਵੀ ਕਰਨ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 27 ਸਤੰਬਰ 2022- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੱਲ੍ਹ 28 ਸਤੰਬਰ ਨੂੰ ਸਵੇਰੇ 6.30 ਵਜੇ ਸਾਈਕਲ ਰੈਲੀ ਕੱਢੀ ਜਾਵੇਗੀ, ਜਿਸ ਵਿੱਚ ਖਿਡਾਰੀ, ਵਿਦਿਆਰਥੀ, ਵਲੰਟੀਅਰ ਅਤੇ ਨੋਜਵਾਨ ਆਦਿ ਹਿੱਸਾ ਲੈਣਗੇ। ਇਸੇ ਤਰਾਂ ਕੱਲ੍ਹ 28 ਸਤੰਬਰ ਨੂੰ ਸ਼ਾਮ 7 ਵਜੇ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ।
ਇਸ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜਾ ਲੈਂਦਿਆਂ ਲਖਵਿੰਦਰ ਸਿੰਘ ਤਹਿਸਲੀਦਾਰ ਬਟਾਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਕੱਲ੍ਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਵੇਰੇ 6.30 ਵਜੇ ਸਾਈਕਲ ਰੈਲੀ ਅਤੇ ਸ਼ਾਮ 7 ਵਜੇ ਕੈਂਡਲ ਮਾਰਚ ਕੱਢਿਆ ਜਾਵੇਗਾ, ਜਿਸ ਸਬੰਧੀ ਸਬੰਧਤ ਅਧਿਕਾਰੀਆਂ ਵਲੋ ਤਿਆਰੀਆਂ ਕੀਤੀਆਂ ਗਈਆਂ ਹਨ।
ਉਨਾਂ ਦੱਸਿਆ ਕਿ ਸਾਈਕਲ ਰੈਲੀ, ਗਾਂਧੀ ਚੋਂਕ ਬਟਾਲਾ ਤੋਂ ਸ਼ੁਰੂ ਹੋ ਕੇ (ਨਗਰ ਨਿਗਮ ਦਫਤਰ ਬਟਾਲਾ ਵਿੱਚ ਸਾਰੇ ਇਕੱਠੇ ਹੋਣਗੇ), ਸਿਟੀ ਰੋਡ, ਹੰਸਲੀ ਪੁਲ, ਸਿਨੇਮਾ ਰੋਡ, ਜੱਸਾ ਸਿੰਘ ਰਾਮਗੜ੍ਹੀਆ ਚੌਂਕ, ਜਲੰਧਰ ਰੋਡ ਹੰਸਲੀ ਪੁਲ, ਸੁੱਖਾ ਸਿੰਘ ਮਹਿਤਾਬ ਸਿੰਘ ਚੋਂਕ ਤੋਂ ਹੁੰਦੀ ਹੋਈ ਵਾਪਸ ਦਫਤਰ ਨਗਰ ਨਿਗਮ, ਬਟਾਲਾ ਵਿਖੇ ਸਮਾਪਤ ਹੋਵੇਗੀ। ਉਨਾਂ ਅੱਗੇ ਦੱਸਿਆ ਕਿ ਸ਼ਾਮ 7 ਵਜੇ ਕੈਂਡਲ ਮਾਰਚ ਹੋਵੇਗਾ, ਜੋ ਤਹਿਸੀਲ ਬਟਾਲਾ ਤੋਂ ਗਾਂਧੀ ਚੌਂਕ ਤੱਕ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲੇ ਅੰਦਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 28 ਸਤੰਬਰ ਨੂੰ ਆਪਣੇ ਘਰਾਂ ਅਤੇ ਕੰਮ-ਕਾਜੀ ਸਥਾਨਾਂ ’ਤੇ ਤਿਰੰਗਾ ਝੰਡਾ ਜਰੂਰ ਲਹਿਰਾਉਣ ਤੇ ਆਪਣੇ ਘਰਾਂ ਵਿੱਚ ਦੀਵੇ ਜਗਾ ਕੇ ਦੀਪਮਾਲਾ ਕੀਤੀ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਇਤਿਹਾਸਕ ਇਮਾਰਤਾਂ ਦੀ ਲਾਈਟਿੰਗ ਵੀ ਕੀਤੀ ਜਾਵੇਗੀ।,
ਇਸ ਮੌਕੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲਾ ਸਿੱਖਿਆ ਅਫਸਰ (ਸ), ਨਿਰਮਲ ਸਿੰਘ ਸੁਪਰਡੈਂਟ ਅਤੇ ਸਹਾਰਾ ਕਲੱਬ ਦੇ ਪ੍ਰਤੀਨਿਧੀ ਆਦਿ ਮੋਜੂਦ ਸਨ।