ਕੈਪਟਨ ਪੰਜਾਬ 'ਚ ਕੀ ਪਟਿਆਲਾ ਵਿਚ ਵੀ ਨਹੀਂ ਖਿੜਾ ਸਕਣਗੇ ਭਾਜਪਾ ਦਾ ਕਮਲ : ਤੇਜਿੰਦਰ ਮਹਿਤਾ
ਜੀ ਐਸ ਪੰਨੂ
ਪਟਿਆਲਾ 26 ਸਤੰਬਰ, 2022: ਦੇਸ਼ ਆਜ਼ਾਦ ਹੋਣ ਤੋਂ ਹੁਣ ਤਕ ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਡਰਾ ਧਮਕਾ ਅਤੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਸੱਤਾ 'ਤੇ ਕਾਬਜ਼ ਹੁੰਦੀਆਂ ਰਹੀਆਂ ਹਨ ਪ੍ਰੰਤੂ 2012 'ਚ ਦੇਸ਼ ਦੇ ਭਲੇ ਲਈ ਬਣੀ ਆਮ ਆਦਮੀ ਪਾਰਟੀ ਨੇ ਇਕ ਨਵੇਂ ਕ੍ਰਾਂਤੀਕਾਰੀ ਯੁੱਗ ਦੀ ਸਥਾਪਨਾ ਕੀਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਅਪਰੇਸ਼ਨ ਲੋਟਸ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਇਹ ਸ਼ਬਦ ਬਿਆਨ ਰਾਹੀਂ ਕੀਤੇ। ਮਹਿਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਗਠਨ ਕਰਕੇ ਆਪਸ ਵਿੱਚ ਮਿਲ ਕੇ ਚੋਣ ਲੜੀ ਸੀ ਤੇ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਉਂਦਿਆਂ 92 ਸੀਟਾਂ ਨਾਲ ਸਰਕਾਰ ਬਣਾਈ ਸੀ। ਹੁਣ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਕੀਤੇ ਗਏ ਚੋਣ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਾ ਕਰ ਰਹੀ ਹੈ ਤਾਂ ਵਿਰੋਧੀ ਪਾਰਟੀਆਂ ਖ਼ਾਸ ਕਰ ਭਾਜਪਾ ਨੂੰ ਢਿੱਡ ਪੀੜ ਹੋਣ ਲੱਗੀ ਹੈ। ਇਸੇ ਕੜੀ ਤਹਿਤ ਭਾਜਪਾ ਨੇ ਪੰਜਾਬ ਵਿੱਚ ਵਿਧਾਇਕਾਂ ਨੂੰ ਲੋਭ ਲਾਲਚ ਨਾਲ ਵਰਗਲਾਉਣ ਦੀਆਂ ਘਟੀਆ ਚਾਲਾਂ ਚੱਲਣ ਦੀ ਨਾਪਾਕ ਕੋਸ਼ਿਸ਼ ਕੀਤੀ ਤੇ 'ਆਪ' ਦੇ ਇਮਾਨਦਾਰ ਵਿਧਾਇਕਾਂ ਨੇ ਉਨ੍ਹਾਂ ਦੇ ਸਰਕਾਰ ਨੂੰ ਪਟੜੀ ਤੋਂ ਲਾਹੁਣ ਦੇ ਮਨਸੂਬੇ ਨਾਕਾਮ ਕਰ ਦਿੱਤੇ। ਮਹਿਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਮਿਰਗ ਤ੍ਰਿਸ਼ਨਾਂ ਨੂੰ ਪੂਰਾ ਕਰਨ ਲਈ ਪਹਿਲਾਂ ਤੋਂ ਨਾਲ ਚੱਲ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੀਐਲਸੀ ਦਾ ਭਾਜਪਾ ਵਿੱਚ ਰਲੇਵਾਂ ਕਰ ਲਿਆ ਹੈ, ਪ੍ਰੰਤੂ ਕੈਪਟਨ ਪੰਜਾਬ ਵਿੱਚ ਕੀ ਪਟਿਆਲਾ ਵਿੱਚ ਵੀ ਭਾਜਪਾ ਦਾ ਕਮਲ ਨਹੀਂ ਖਿੜਾ ਸਕਣਗੇ ਅਤੇ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਸੀਟਾਂ ਤੇ ਵੱਡੀਆਂ ਜਿੱਤਾਂ ਦਰਜ ਕਰੇਗੀ।
ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੂਰੇ ਦੇਸ਼ ਨੂੰ ਨੰਬਰ ਇਕ ਬਣਾਉਣ ਲਈ ਨਵੀਂ ਲਹਿਰ ਚਲਾਈ ਗਈ ਹੈ, ਜਿਸ ਤਹਿਤ ਜਨਤਾ ਨੂੰ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਦੇ ਤਹਿਤ ਅਰਵਿੰਦ ਕੇਜਰੀਵਾਲ ਸਾਡੇ ਅਗਲੇ ਪ੍ਰਧਾਨ ਮੰਤਰੀ ਹੋਣਗੇ।