ਕੈਨੇਡਾ: ਸੀਨੀਅਰਜ਼ ਐਡਵੋਕੇਟ ਦੀ ਰਿਪੋਰਟ ਵਿਚ ਬੀ.ਸੀ. ਦੇ ਬਜ਼ੁਰਗਾਂ ਦੀ ਮੰਦਹਾਲੀ ਬਾਰੇ ਅਹਿਮ ਖੁਲਾਸੇ
ਬਜ਼ੁਰਗਾਂ ਨੂੰ ਆਰਥਿਕ ਮਦਦ ਦੇਣ ਵਿੱਚ ਬੀ.ਸੀ. ਕੈਨੇਡਾ ‘ਚ ਸਭ ਤੋਂ ਫਾਡੀ ਸੂਬਾ
ਹਰਦਮ ਮਾਨ,ਬਾਬੂਸ਼ਾਹੀ ਨੈਟਵਰਕ
ਸਰੀ, 24 ਸਤੰਬਰ 2022-ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਸਭ ਤੋਂ ਖੂਬਸੂਰਤ ਸੂਬਾ ਹੈ ਪਰ ਸੀਨੀਅਰਜ਼ ਐਡਵੋਕੇਟ ਦੀ ਇੱਕ ਰਿਪੋਰਟ ਵਿੱਚ ਇੱਥੋਂ ਦੇ ਬਜ਼ੁਰਗਾਂ ਦੀ ਜੋ ਆਰਥਿਕ ਹਾਲਤ ਦਰਸਾਈ ਗਈ ਹੈ ਉਹ ਇਸ ਸੂਬੇ ਦੀ ਅੰਦਰੂਨੀ ਖੂਬਸੂਰਤੀ ਦਾ ਪਰਦਾਫਾਸ਼ ਕਰਦੀ ਹੈ ਅਤੇ ਸੂਬਾ ਸਰਕਾਰ ਲਈ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਸ ਰਿਪੋਰਟ ਅਨੁਸਾਰ ਬਜ਼ੁਰਗਾਂ ਨੂੰ ਲੋੜੀਂਦੀ ਆਰਥਿਕ ਮਦਦ ਪ੍ਰਦਾਨ ਕਰਨ ਵਿਚ ਬੀ.ਸੀ. ਕੈਨੇਡਾ ਵਿੱਚ ਸਭ ਤੋਂ ਹੇਠਲੇ ਸਥਾਨ 'ਤੇ ਹੈ ਜਦੋਂ ਕਿ ਹਾਲਤ ਇਹ ਹੇ ਕਿ ਬੀ.ਸੀ. ਦੇ ਘੱਟ ਆਮਦਨੀ ਵਾਲੇ 84 ਪ੍ਰਤੀਸ਼ਤ ਬਜ਼ੁਰਗਾਂ ਕੋਲ ਕਈ ਵਾਰ ਭੋਜਨ ਖਰੀਦਣ ਜੋਗੇ ਪੈਸੇ ਵੀ ਨਹੀਂ ਹੁੰਦੇ।
ਸੀਨੀਅਰ ਐਡਵੋਕੇਟ ਇਸੋਬੇਲ ਮੈਕੇਂਜੀ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਬੀ ਸੀ ਦੇ ਬਜ਼ੁਰਗਾਂ ਨੂੰ ਲੋੜੀਂਦੀ ਵਿੱਤੀ ਸਹਾਇਤਾ ਅਤੇ ਸਬਸਿਡੀ ਹੋਰਨਾਂ ਸੂਬਿਆਂ ਦੇ ਬਰਾਬਰ ਪੱਧਰ ਦੀ ਨਹੀਂ ਮਿਲ ਰਹੀ ਅਤੇ ਅਜਿਹੇ 9 ਖੇਤਰ ਸਾਹਮਣੇ ਆਏ ਹਨ ਜਿੱਥੇ ਬੀ.ਸੀ. ਦੇ ਬਜ਼ੁਰਗਾਂ ਨੂੰ ਸਭ ਤੋਂ ਘੱਟ ਸਹਾਇਤਾ ਅਤੇ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।
10,000 ਤੋਂ ਘੱਟ ਆਮਦਨੀ ਵਾਲੇ ਬਜ਼ੁਰਗਾਂ ਦੇ ਇਕ ਸੂਬਾਈ ਸਰਵੇਖਣ ਅਤੇ ਬਜ਼ੁਰਗਾਂ ਨਾਲ ਕੰਮ ਕਰਨ ਵਾਲੀਆਂ 80 ਤੋਂ ਵੱਧ ਕਮਿਊਨਿਟੀ ਏਜੰਸੀਆਂ ਦੇ ਸਲਾਹ-ਮਸ਼ਵਰੇ ‘ਤੇ ਆਧਾਰਤ ਇਸ ਰਿਪੋਰਟ ਵਿਚ ਸਿਹਤ ਅਤੇ ਵਿੱਤੀ ਸਹਾਇਤਾ ਦੇ ਪ੍ਰਬੰਧਾਂ ਅਨੁਸਾਰ ਸੂਬਿਆਂ ਅਤੇ ਪ੍ਰਦੇਸ਼ਾਂ ਦੀ ਦਰਜਾਬੰਦੀ ਕੀਤੀ ਗਈ ਹੈ। ਇਹਨਾਂ ਵਿਚ ਘਰੇਲੂ ਦੇਖਭਾਲ, ਅੱਖਾਂ ਦੀ ਜਾਂਚ, ਐਨਕਾਂ, ਦੰਦਾਂ ਦੀ ਦੇਖਭਾਲ, ਸੁਣਨ ਦੇ ਸਾਧਨ, 100 ਡਾਲਰ ਤੋਂ ਵੱਧ ਮਾਸਿਕ ਵਿੱਤੀ ਪੂਰਕ, ਘਰ ਦੀ ਮੁਰੰਮਤ, ਘਰ ਦੇ ਅਨੁਕੂਲਨ ਅਤੇ 31,000 ਤੋਂ ਵੱਧ ਆਮਦਨੀ ਸੀਮਾ ਦੇ ਨਾਲ ਕਿਰਾਏ ਦੀਆਂ ਸਬਸਿਡੀਆਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬੀ.ਸੀ. ਵਿਚ ਸਿਰਫ ਦੋ ਸਹੂਲਤਾਂ- ਅੱਖਾਂ ਦੀ ਜਾਂਚ ਅਤੇ ਘਰੇਲੂ ਅਨੁਕੂਲਨ ਹੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਦੋਂ ਕਿ ਅਲਬਰਟਾ ਅਤੇ ਓਨਟਾਰੀਓ ਸੂਬੇ ਵਿਚ ਇਨ੍ਹਾਂ ਵਿੱਚੋਂ 7 ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਯੂਕੋਨ ਸਾਰੀਆਂ 9 ਸ਼੍ਰੇਣੀਆਂ ਵਿੱਚ ਸਹਾਇਤਾ ਪ੍ਰਦਾਨ ਕਰਕੇ ਇਸ ਸੂਚੀ ਵਿੱਚ ਸਿਖਰ 'ਤੇ ਹੈ।
ਸਰਕਾਰ ਵੱਲੋਂ ਸੀਨੀਅਰਜ਼ ਦੀ ਦੇਖਭਾਲ ਲਈ ਕੀਤੇ ਗਏ ਇਤਿਹਾਸਕ ਨਿਵੇਸ਼ਾਂ ਦੇ ਬਾਵਜੂਦ ਇਹ ਰਿਪੋਰਟ ਦਰਸਾਉਂਦੀ ਹੈ ਕਿ ਬਜ਼ੁਰਗਾਂ ਲਈ ਜੀਵਨ ਨੂੰ ਹੋਰ ਕਿਫਾਇਤੀ ਬਣਾਉਣ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਪੈਨਸ਼ਨਾਂ ‘ਤੇ ਆਸ਼ਰਿਤ ਬਜ਼ੁਰਗਾਂ ਨੂੰ ਵਧਦੀਆਂ ਲਾਗਤਾਂ ਦੇ ਸਮੇਂ ਦੌਰਾਨ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਬਜ਼ੁਰਗਾਂ ਕੋਲ ਨਿੱਜੀ ਲਾਭ ਯੋਜਨਾਵਾਂ ਨਹੀਂ ਹਨ ਅਤੇ ਉਹਨਾਂ ਨੂੰ ਦੰਦਾਂ ਦੀ ਦੇਖਭਾਲ, ਸੁਣਨ ਦੇ ਸਾਧਨ, ਐਨਕਾਂ, ਵਾਕਰਾਂ, ਵ੍ਹੀਲ-ਚੇਅਰਾਂ ਅਤੇ ਹੋਰ ਮੈਡੀਕਲ ਉਪਕਰਣਾਂ ਦੇ ਖਰਚੇ ਦਾ ਭੁਗਤਾਨ ਕਰਨ ਲਈ ਲਈ ਸੂਬਾ ਸਰਕਾਰ ਵੱਲੋਂ ਫੰਡ ਨਹੀਂ ਦਿੱਤੇ ਜਾਂਦੇ।
ਬੀ.ਸੀ. ਦੇ 25 ਫੀਸਦੀ ਬਜ਼ੁਰਗ ਸਾਲਾਨਾ 21,000 ਡਾਲਰ ਤੋਂ ਘੱਟ ਕਮਾਉਂਦੇ ਹਨ ਜਦੋਂ ਕਿ ਬੀ ਸੀ ਵਿੱਚ ਔਸਤ ਸਾਲਾਨਾ ਆਮਦਨ 51,170 ਡਾਲਰ ਹੈ। ਨਤੀਜੇ ਵਜੋਂ ਪਿਛਲੇ ਪੰਜ ਸਾਲਾਂ ਦੌਰਾਨ ਬੀ ਸੀ ਵਿਚ ਫੂਡ ਬੈਂਕਾਂ ਦਾ ਸਹਾਰਾ ਲੈਣ ਵਾਲੇ ਬਜ਼ੁਰਗਾਂ ਦੀ ਗਿਣਤੀ ਵਿਚ 78 ਪ੍ਰਤੀਸ਼ਤ ਵਾਧਾ ਹੋਇਆ ਹੈ। ਘੱਟ ਆਮਦਨੀ ਵਾਲੇ ਅੱਧੇ ਬਜ਼ੁਰਗ ਇਸ ਗੱਲੋਂ ਚਿੰਤਤ ਹਨ ਕਿ ਕੀ ਉਹ ਆਪਣੇ ਘਰਾਂ ਵਿੱਚ ਰਹਿਣ ਦੇ ਯੋਗ ਰਹਿਣਗੇ। ਜਦੋਂ ਕਿ ਪੰਜ ਵਿੱਚੋਂ ਚਾਰ ਬਜ਼ੁਰਗਾਂ ਨੂੰ ਕਈ ਵਾਰ ਭੋਜਨ ਲਈ ਪੈਸੇ ਲਈ ਤਰਸਣਾ ਪੈਂਦਾ ਹੈ।
ਇਸ ਰਿਪੋਰਟ ਵਿਚ ਸਿਫਾਰਸ਼ ਕੀਤੀ ਹੈ ਕਿ ਬੀ.ਸੀ. ਸਰਕਾਰ ਆਪਣੇ ਬਜ਼ੁਰਗਾਂ ਨੂੰ ਮਹੀਨਾਵਾਰ ਮਹਿੰਗਾਈ ਇੰਡੈਕਸ ਦੇ ਪੂਰਕ ਬਣਾਵੇ ਅਤੇ ਬਜ਼ੁਰਗ ਕਿਰਾਏਦਾਰਾਂ ਲਈ ਸ਼ੈਲਟਰ ਏਡ ਪ੍ਰੋਗਰਾਮ ਨੂੰ ਮੁੜ ਡਿਜ਼ਾਈਨ ਕੀਤਾ ਜਾਵੇ। ਸ਼ੈਲਟਰ ਏਡ ਪ੍ਰੋਗਰਾਮ ਬਜ਼ੁਰਗਾਂ ਦੇ ਕਿਰਾਏ ਨੂੰ ਉਨ੍ਹਾਂ ਦੀ ਮਹੀਨਾਵਾਰ ਆਮਦਨ ਦੇ 30 ਪ੍ਰਤੀਸ਼ਤ ਤੱਕ ਸੀਮਤ ਕਰਨ ਲਈ ਤਿਆਰ ਕੀਤਾ ਗਿਆ ਸੀ ਪਰ ਵੈਨਕੂਵਰ ਵਿਚ ਇਸ ਪ੍ਰੋਗਰਾਮ ਦੇ ਪ੍ਰਾਪਤ-ਕਰਤਾ ਹੁਣ ਆਪਣੀ ਆਮਦਨ ਦਾ 60 ਪ੍ਰਤੀਸ਼ਤ ਤੋਂ ਵੱਧ ਕਿਰਾਏ ਉਪਰ ਖਰਚ ਕਰ ਰਹੇ ਹਨ ਅਤੇ ਇਹ ਸਹੂਲਤ ਹਾਸਲ ਕਰਨ ਵਾਲੇ 80 ਪ੍ਰਤੀਸ਼ਤ ਬਜ਼ੁਰਗਾਂ ਦੀ ਸਾਲਾਨਾ ਆਮਦਨ 25,000 ਡਾਲਰ ਤੋਂ ਘੱਟ ਹੈ। ਪਹੁੰਚ ਤੋਂ ਬਾਹਰ ਵਾਲੇ ਬਜ਼ੁਰਗਾਂ ਲਈ ਸਾਲਾਨਾ ਬੱਸ ਪਾਸ ਅਤੇ ਹੋਰ ਆਵਾਜਾਈ ਸੇਵਾਵਾਂ ਪ੍ਰਦਾਨ ਕੀਤੇ ਜਾਣ ਦੀ ਵੀ ਇਸ ਰਪੋਰਟ ਵਿਚ ਸਿਫਾਰਸ਼ ਕੀਤੀ ਗਈ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com