ਹੁਸ਼ਿਆਰਪੁਰ: ਰਾਸ਼ਟਰੀ ਲੋਕ ਅਦਾਲਤ ’ਚ ਹੋਇਆ 3075 ਕੇਸਾਂ ਦਾ ਮੌਕੇ ’ਤੇ ਨਿਪਟਾਰਾ
- ਲੋਕ ਅਦਾਲਤ ਲਈ ਜ਼ਿਲ੍ਹੇ ’ਚ 30 ਬੈਂਚਾਂ ਦਾ ਕੀਤਾ ਗਿਆ ਗਠਨ
- ਸਾਲਾਂ ਤੋਂ ਲੰਬਿਤ ਮਾਮਲਿਆਂ ਦਾ ਮੌਕੇ ’ਤੇ ਹੀ ਕੀਤਾ ਗਿਆ ਨਿਪਟਾਰਾ
ਹੁਸ਼ਿਆਰਪੁਰ, 13 ਅਗਸਤ 2022 - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅੱਜ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿਚ ਸਿਵਲ ਮਾਮਲੇ, ਰੈਂਟ ਮਾਮਲੇ, ਐਮ.ਏ.ਸੀ.ਟੀ., 138 ਨੈਗੋਸ਼ਿਏਬਲ ਇੰਸਟਰੂਮੈਂਟ ਐਕਟ, ਫੈਮਲੀ ਮੈਟਰ, ਲੇਬਰ ਮੈਟਰ, ਬੈਂਕ ਮਾਮਲੇ, ਬਿਜਲੀ ਤੇ ਪਾਣੀ ਦੇ ਬਿੱਲ, ਟ੍ਰੈਫਿਕ ਚਲਾਨ, ਕਚਹਿਰੀ ਵਿਚ ਪੈਡਿੰਗ ਤੇ ਪ੍ਰੀ-ਲਿਟੀਗੇਟਿਵ ਤੇ ਹੋਰ ਮਾਮਲਿਆਂ ਦਾ ਨਿਪਟਾਰਾ ਕਰਵਾਉਣ ਸਬੰਧੀ ਕੇਸ ਰੱਖੇ ਗਏ।
ਜਾਣਕਾਰੀ ਦਿੰਦੇ ਹੋਏ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸ੍ਰੀਮਤੀ ਅਮਰਜੋਤ ਭੱਟੀ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ ਲਗਾਈ ਗਈ ਲੋਕ ਅਦਾਲਤ ਵਿਚ ਕੁਲ 30 ਬੈਂਚ ਬਣਾਏ ਗਏ। ਜਿਨ੍ਹਾਂ ਵਿਚ ਹੁਸ਼ਿਆਰਪੁਰ ਵਿਚ 15, ਸਬ-ਡਵੀਜ਼ਨ ਦਸੂਹਾ ਵਿਚ 6, ਮੁਕੇਰੀਆਂ ਵਿਚ 4 ਅਤੇ ਗੜ੍ਹਸ਼ੰਕਰ ਵਿਚ 5 ਬੈਂਚਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਵਿਚ 5714 ਕੇਸਾਂ ਦੀ ਸੁਣਵਾਈ ਹੋਈ ਅਤੇ 3075 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ ਅਤੇ ਕੁੱਲ 32,49,42,959 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਰਾਸ਼ਟਰੀ ਲੋਕ ਅਦਾਲਤ ਵਿਚ ਸੀ.ਜੇ.ਐਮ. ਸ੍ਰੀਮਤੀ ਪੁਸ਼ਪਾ ਰਾਣੀ ਦੀ ਅਗਵਾਈ ਵਿਚ ਗਠਿਤ ਬੈਂਚ ਵਿਚ ਇਕ 87 ਸਾਲਾਂ ਬਜ਼ੁਰਗ ਮਹਿਲਾ ਨੂੰ ਇਨਸਾਫ਼ ਦਿਵਾਇਆ ਗਿਆ। ਬਲਜੀਤ ਕੌਰ ਬਨਾਮ ਨਵਦੀਪ ਬੈਂਸ ਕੇਸ ਵਿਚ ਦੂਜੀ ਧਿਰ ਨੇ ਬਜ਼ੁਰਗ ਮਹਿਲਾ ਤੋਂ 15 ਲੱਖ ਦੀ ਰਕਮ ਉਧਾਰ ਲਈ ਸੀ। ਸੀ.ਜੇ.ਐਮ. ਸ੍ਰੀਮਤੀ ਪੁਸ਼ਪਾ ਰਾਣੀ ਦੇ ਯਤਨਾਂ ਨਾਲ ਦੂਜੀ ਧਿਰ ਨੂੰ ਸਾਰੀ ਰਕਮ ਵਾਪਸ ਕਰਨ ਲਈ ਕਿਹਾ ਗਿਆ ਅਤੇ ਦੂਜੀ ਧਿਰ ਇਹ ਰਕਮ ਕਿਸ਼ਤਾਂ ਵਿਚ ਵਾਪਸ ਕਰਨ ਲਈ ਸਹਿਮਤ ਹੋ ਗਈ, ਇਸ ਤਰ੍ਹਾਂ ਦੋਵੇਂ ਧਿਰਾਂ ਦਾ ਇਸ ਰਾਸ਼ਟਰੀ ਲੋਕ ਅਦਾਲਤ ਵਿਚ ਰਾਜ਼ੀਨਾਮਾ ਕਰਵਾ ਕੇ ਬਜ਼ੁਰਗ ਮਹਿਲਾ ਨੂੰ ਨਿਆਂ ਦੁਆਇਆ ਗਿਆ।
ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਮੁਕੇਰੀਆਂ ਸ੍ਰੀ ਅਮਰਦੀਪ ਸਿੰਘ ਬੈਂਸ ਦੀ ਅਗਵਾਈ ਵਿਚ ਗਠਿਤ ਬੈਂਚ ਵਲੋਂ ਕਾਨੂੰਨੀ ਪ੍ਰਤੀਨਿਧੀ ਰਾਹੀਂ ਜੋਗਿੰਦਰ ਕੁਮਾਰ ਬਨਾਮ ਹੇਮੰਤ ਕੁਮਾਰ ਅਤੇ ਹੋਰ, ਭਾਰਤੀ ਦੰਡਾਵਲੀ ਆਈ.ਪੀ.ਸੀ. ਦੀ ਧਾਰਾ 500 ਤਹਿਤ ਇਹ ਕੇਸ ਪ੍ਰੀ- ਲੋਕ ਅਦਾਲਤ ਵਿਚ ਲਗਾਇਆ ਗਿਆ ਸੀ ਅਤੇ ਪ੍ਰੀ-ਲੋਕ ਅਦਾਲਤ ਵਿਚ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਅਮਰਦੀਪ ਸਿੰਘ ਬੈਂਸ ਦੇ ਯਤਨਾਂ ਨਾਲ ਗਠਿਤ ਬੈਂਚ ਦੇ ਦਖਲ ਨਾਲ ਦੋਵੇਂ ਧਿਰਾਂ ਵਿਚ ਸਮਝੌਤਾ ਕਰਵਾ ਦਿੱਤਾ ਗਿਆ। ਇਸ ਕੇਸ ਵਿਚ ਸ਼ਿਕਾਇਤਕਰਤਾ ਜੋਗਿੰਦਰ ਕੁਮਾਰ ਸ਼ਰਮਾ (67) ਨਿਵਾਸੀ ਮੇਨ ਬਾਜ਼ਾਰ ਤਲਵਾੜਾ ਨੂੰ ਪੂਰੀ ਰਕਮ ਤੇ ਅੰਤਿਮ ਅਦਾਇਗੀ ਵਜੋਂ 5 ਲੱਖ ਰੁਪਏ ਦੀ ਅਦਾਇਗੀ ਕਰਵਾਈ ਗਈ।
ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਨੇ ਸ਼ਿਕਾਇਤ ਵਾਪਸ ਲੈਣ ਸਬੰਧੀ ਆਪਣਾ ਬਿਆਨ 8 ਅਗਸਤ 2022 ਨੂੰ ਦਰਜ ਕਰਵਾਇਆ ਸੀ ਅਤੇ ਮਾਮਲਾ 13 ਅਗਸਤ ਨੂੰ ਰਾਸ਼ਟਰੀ ਲੋਕ ਅਦਾਲਤ ਵਿਚ ਰੱਖਿਆ ਗਿਆ। ਇਸ ਤਰ੍ਹਾਂ ਆਈ.ਪੀ.ਸੀ. ਦੀ ਧਾਰਾ 500 ਤਹਿਤ ਜੋ ਐਕਸ਼ਨ ਪਲਾਨ (ਓਲਡ ਕੇਸ ਕੈਟਾਗਰੀ) ਕੇਸ 2022-23 ਦੇ ਲੜੀ ਨੰਬਰ 12 ਵਿਚ ਆਉਂਦਾ ਹੈ, ਇਸ ਰਾਸ਼ਟਰੀ ਲੋਕ ਅਦਾਲਤ ਵਿਚ ਨਿਪਟਾਰਾ ਕੀਤਾ ਗਿਆ।
ਰਾਸ਼ਟਰੀ ਲੋਕ ਅਦਾਲਤ ਵਿਚ ਐਸ.ਡੀ.ਜੇ.ਐਮ. ਦਸੂਹਾ ਸ੍ਰੀਮਤੀ ਪਰਮਿੰਦਰ ਕੌਰ ਬੈਂਸ ਦੀ ਅਗਵਾਈ ਵਿਚ ਗਠਿਤ ਬੈਂਚ ਨੇ ਇਕ ਕੇਸ ਨਰੰਜਨ ਸਿੰਘ ਬਨਾਮ ਅਵਤਾਰ ਸਿੰਘ ਜੋ ਕਿ ਸਾਲ 2017 ਨਾਲ ਸਬੰਧਤ ਸੀ। ਇਸ ਕੇਸ ਵਿਚ ਮੁਦੇਈ ਵਲੋਂ 25 ਅਕਤੂਬਰ 2017 ਨੂੰ ਬਚਾਅ ਧਿਰ ਖਿਲਾਫ਼ ਸੈਪਰੇਟ ਪ੍ਰੋਜੇਸ਼ਨ ਐਂਡ ਪਾਰਟੀਸ਼ਨ ਦਾਵਾ ਕੀਤਾ ਗਿਆ ਸੀ ਤੇ ਨਾਲ ਹੀ ਵੱਖਰੇ ਕਬਜ਼ੇ ਦੀ ਰਾਹਤ ਦੀ ਮੰਗ ਕਰਨ ਦੇ ਕੇਸ ਲਈ ਦਾਇਰ ਕੀਤਾ ਸੀ। ਇਸ ਪੰਜ ਸਾਲ ਤੋਂ ਪੁਰਾਣੇ ਕੇਸ ਨੂੰ ਐਸ.ਡੀ.ਜੇ.ਐਮ. ਸ੍ਰੀਮਤੀ ਪਰਮਿੰਦਰ ਕੌਰ ਬੈਂਸ ਦੇ ਯਤਨਾਂ ਨਾਲ ਦੋਵੇਂ ਧਿਰਾਂ ਦਾ ਸਮਝੌਤਾ ਕਰਵਾ ਕੇ ਮੌਜੂਦਾ ਕੇਸ ਵਾਪਸ ਲੈ ਲਿਆ ਗਿਆ। ਇਸ ਤੋਂ ਇਲਾਵਾ ਸਿਵਲ ਜੱਜ ਜੂਨੀਅਰ ਡਵੀਜ਼ਨ ਮੁਕੇਰੀਆਂ ਸ੍ਰੀ ਰਜਿੰਦਰ ਸਿੰਘ ਤੇਜੀ ਵਲੋਂ ਗਠਿਤ ਬੈਂਚ ਨੇ ਕੁੱਲ 110 ਕੇਸਾਂ ਵਿਚੋਂ 65 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਵਲੋਂ ਗਠਿਤ ਬੈਂਚ ਵਿਚ ਕੁਲ 14 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ ਜੋ ਕਿ ਕੁੱਲ 1,06,86,818 ਰੁਪਏ ਦੀ ਸੈਟਲਮੈਂਟ ਕਰਵਾਈ ਗਈ।
ਇਸ ਦੇ ਨਾਲ ਹੀ ਇਸ ਰਾਸ਼ਟਰੀ ਲੋਕ ਅਦਾਲਤ ਵਿਚ ਮੌਕੇ ’ਤੇ ਜ਼ਿਲ੍ਹਾ ਕਚਹਿਰੀ ਹੁਸ਼ਿਆਰਪੁਰ ਵਿਚ ਚੱਲ ਰਹੇ ਕੇਸਾਂ ਵਿਚ ਆਮ ਜਨਤਾ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਗੁਰੂ ਰਾਮਦਾਸ ਲੰਗਰ ਸੇਵਾ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਲੰਗਰ ਤੇ ਪਾਣੀ ਦੀ ਸੇਵਾ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਰਾਸ਼ਟਰੀ ਲੋਕ ਅਦਾਲਤ ਦੀ ਸੇਵਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਲਦੀ ਰਹੀ। ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਪੁਲਿਸ ਫੋਰਸ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ।
ਸ੍ਰੀਮਤੀ ਅਪਰਾਜਿਤਾ ਜੋਸ਼ੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਕੇਸਾਂ ਨੂੰ ਲੋਕ ਅਦਾਲਤ ਵਿਚ ਲਗਾਉਣ, ਜਿਸ ਨਾਲ ਸਮੇਂ ਤੇ ਧਨ ਦੋਵਾਂ ਦੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਅਦਾਲਤਾਂ ਦੇ ਫੈਸਲੇ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ। ਲੋਕ ਅਦਾਲਤ ਵਿਚ ਫੈਸਲਾ ਹੋਣ ਤੋਂ ਬਾਅਦ ਕੇਸ ਵਿਚ ਲੱਗੀ ਸਾਰੀ ਕੋਰਟ ਫੀਸ ਵਾਪਸ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾ ਕੇ ਇਨ੍ਹਾਂ ਲੋਕ ਅਦਾਲਤਾਂ ਰਾਹੀਂ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿਚ ਹੋਏ ਫੈਸਲੇ ਦੀ ਕੋਈ ਵੀ ਅਪੀਲ ਨਹੀਂ ਹੁੰਦੀ ਅਤੇ ਇਸ ਦਾ ਫੈਸਲਾ ਅੰਤਿਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਗਲੀ ਲੋਕ ਅਦਾਲਤ 12 ਨਵੰਬਰ ਨੂੰ ਲਗਾਈ ਜਾਵੇਗੀ।