ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਲਿਆਓ, ਬਹਿਬਲ ਕਲਾਂ ਤੇ ਬੇਅਦਬੀ ਕਾਂਡ ਲਈ ਫਾਸਟ ਟਰੈਕ ਕੋਰਟਾਂ ਬਣਾਓ; ਦਾਦੂਵਾਲ ਨੇ ਭਗਵੰਤ ਮਾਨ ਨੂੰ ਮਿਲ ਕੇ ਕੀਤੀ ਮੰਗ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 13 ਅਗਸਤ 2022- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਉੱਚ ਪੱਧਰੀ ਵਫਦ ਨੇ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਹਰਿਆਣਾ ਕਮੇਟੀ ਦੇ ਸਕੱਤਰ ਭਾਈ ਸਰਬਜੀਤ ਸਿੰਘ ਜੰਮੂ ਨੇ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਕੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਸਕੱਤਰ ਨੇ ਦੱਸਿਆ ਕੇ ਪ੍ਰਧਾਨ ਦੀ ਅਗਵਾਈ ਵਿੱਚ ਹਰਿਆਣਾ ਕਮੇਟੀ ਦੇ ਵਫ਼ਦ ਨੇ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਕੇ ਅਸੀਂ ਤੁਹਾਨੂੰ ਪੰਥ ਅਤੇ ਪੰਜਾਬ ਦੇ ਉਨਾਂ ਮਸਲਿਆਂ ਦੀ ਯਾਦ ਕਰਵਾਉਣ ਆਏ ਹਾਂ, ਜਿਨਾਂ ਮਸਲਿਆਂ ਉੱਪਰ ਤੁਸੀਂ ਬਤੌਰ ਮੈਂਬਰ ਪਾਰਲੀਮੈਂਟ ਬਹੁਤ ਜ਼ਿਕਰ ਕਰਦੇ ਰਹੇ ਹੋ ਪਰ ਮੁੱਖ ਮੰਤਰੀ ਬਨਣ ਤੋਂ ਬਾਅਦ ਉਨਾਂ ਮਸਲਿਆਂ ਨੂੰ ਤੁਸੀਂ ਅਣਗੋਲਿਆ ਕਰ ਦਿੱਤਾ ਹੈ।
ਪਿਛਲੇ ਦਹਾਕੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਿਨਾਂ ਪਾਰਟੀਆਂ ਨੇ ਰਾਜ ਕੀਤਾ, ਉਨਾਂ ਸਭ ਨੇ ਇਨਾਂ ਮਸਲਿਆਂ ਨੂੰ ਅੱਖੋਂ ਪਰੋਖੇ ਕਰੀ ਰੱਖਿਆ, ਇਨਸਾਫ਼ ਤਾਂ ਕੀ ਦੇਣਾ ਸੀ, ਉਲਟਾ ਝੂਠੇ ਵਾਅਦੇ ਕਰਕੇ ਸਾਨੂੰ ਇਨਸਾਫ਼ ਤੋਂ ਹੋਰ ਦੂਰ ਕਰ ਦਿੱਤਾ। ਅਸੀਂ ਤੁਹਾਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕੇ ਤੁਹਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਤੁਸੀਂ ਬਹੁਤ ਸਾਰੇ ਵਾਅਦੇ ਪੰਥ ਅਤੇ ਪੰਜਾਬ ਨਾਲ ਕੀਤੇ ਸਨ, ਜਿਨਾਂ ਨੂੰ ਪੂਰਿਆਂ ਕਰਨਾ ਅੱਜ ਤੁਹਾਡਾ ਮੁੱਖ ਫ਼ਰਜ਼ ਹੈ ਪੰਜਾਬ ਦੇ ਬਹੁਤ ਸਾਰੇ ਮੁੱਦੇ ਹਨ, ਜਿਨਾਂ ਤੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਹੁਣ ਪੂਰੇ ਕਰਨ ਦਾ ਸਮਾਂ ਹੈ।
ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਹਰਿਆਣਾ ਸਰਕਾਰ ਵੱਲੋਂ ਗੁਰਦੁਆਰਾ ਐਕਟ 2014 ਬਣਾ ਕੇ ਹੋਂਦ ਵਿੱਚ ਲਿਆਂਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਕੇਸ 2014 ਤੋਂ ਸੁਪਰੀਮ ਕੋਰਟ ਵਿੱਚ ਪਾਇਆ ਗਿਆ ਹੈ, ਜਿਸ ਵਿੱਚ ਪੰਜਾਬ ਸਰਕਾਰ ਵੀ ਇੱਕ ਪਾਰਟੀ ਹੈ ਤੇ ਪੰਜਾਬ ਸਰਕਾਰ ਦਾ ਵਕੀਲ ਕੋਰਟ ਵਿੱਚ ਪੇਸ਼ ਹੁੰਦਾ ਹੈ। ਸਾਡੀ ਅਪੀਲ ਹੈ ਕੇ ਸਾਡੇ ਹੱਕ ਲਈ ਪੈਰਵਾਈ ਕਰਨ ਵਾਸਤੇ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਨਿਯੁਕਤ ਇੱਕ ਕਾਬਿਲ ਵਕੀਲ ਦੀ ਪੱਕੀ ਡਿਊਟੀ ਲਗਾਈ ਜਾਵੇ।
ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਬਰਗਾੜੀ ਬੇਅਦਬੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਲਾਠੀਚਾਰਜ ਦਾ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਤੁਰੰਤ ਪੂਰਾ ਕਰੋ ਅਤੇ ਬੇਅਦਬੀ ਕਾਂਡ ਦਾ ਮੁੱਖ ਸਾਜ਼ਿਸ਼ਘਾੜਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਕੇ ਤਫ਼ਤੀਸ਼ ਕੀਤੀ ਜਾਵੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਪਿੱਛੇ ਉਸ ਦਾ ਮੁੱਖ ਮੰਤਵ ਕੀ ਸੀ ਉਹ ਮੰਤਵ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਜਿਨਾਂ ਲੋਕਾਂ ਨੇ ਬੇਅਦਬੀ ਕਾਂਡ ਵਿੱਚ ਉਸ ਦੀ ਮਦਦ ਕੀਤੀ ਬੇਅਦਬੀ ਦੇ ਦੋਸ਼ੀ ਉਸ ਦੇ ਪੈਰੋਕਾਰਾਂ ਨੂੰ ਬਚਾਉਣ ਦਾ ਯਤਨ ਕੀਤਾ ਸੀ, ਉਨਾਂ ਨੂੰ ਵੀ ਦੁਨੀਆਂ ਦੇ ਸਾਹਮਣੇ ਨੰਗਾ ਕੀਤਾ ਜਾਵੇ ਅਤੇ ਕਾਨੂੰਨ ਦੇ ਕਟਹਿਰੇ 'ਚ ਖੜਾ ਕਰਕੇ ਸਖ਼ਤ ਸਜ਼ਾ ਦਿਵਾਈ ਜਾਵੇ।
ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਨਜ਼ਰਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਚਿੱਠੀ ਪੱਤਰ ਲਿਖਿਆ ਜਾਵੇ ਅਤੇ ਆਪਣੇ ਪਾਰਟੀ ਸੁਪਰੀਮੋ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਤੁਰੰਤ ਰਿਹਾਈ ਕਰਨ ਲਈ ਕਿਹਾ ਜਾਵੇ ਸਿੱਖ ਭਾਵਨਾਵਾਂ ਭੜਕਾਉਣ ਦਾ ਦੋਸ਼ੀ ਗੁਰਮੀਤ ਰਾਮ ਰਹੀਮ ਮੁਖੀ ਡੇਰਾ ਸਿਰਸਾ ਅਤੇ ਉਸ ਦੇ ਗੁਨਾਹਗਾਰ ਪੈਰੋਕਾਰਾਂ ਦੇ ਕੇਸ ਲੜਨ ਵਾਲਾ ਐਡਵੋਕੇਟ ਵਿਨੋਦ ਘਈ ਨੂੰ ਪੰਜਾਬ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਉਸ ਦੀ ਜਗਾ ਕਿਸੇ ਹੋਰ ਸੁਹਿਰਦ ਸੱਜਣ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਲਗਾਇਆ ਜਾਵੇ।
ਪੰਜਾਬ ਦੀਆਂ ਜੇਲਾਂ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਉੱਪਰ ਤਸ਼ੱਦਦ ਅਤੇ ਕੇਸ ਕਤਲ ਕਰਨ ਦਾ ਮਾਮਲਾ ਪਿਛਲੇ ਦਿਨੀਂ ਮੀਡੀਆ 'ਚ ਸਾਹਮਣੇ ਆਇਆ ਹੈ ਜਿਸ ਦੀ ਤੁਰੰਤ ਜਾਂਚ ਕਰਵਾਕੇ ਇਸਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਕੇਸਾਂ ਦੀ ਸੁਣਵਾਈ ਕਰਨ ਲਈ ਫਾਸਟ ਟਰੈਕ ਕੋਰਟਾਂ ਲਗਾਈਆਂ ਜਾਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਬੇਅਦਬੀ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ, ਜਥੇਦਾਰ ਦਾਦੂਵਾਲ ਨੇ ਕਿਹਾ ਕੇ ਮੁੱਖ ਮੰਤਰੀ ਵਲੋਂ ਇਨਾਂ ਮੰਗਾਂ ਉੱਪਰ ਗੌਰ ਕਰਕੇ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਵਫ਼ਦ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਤੋਂ ਇਲਾਵਾ ਸਵਰਨ ਸਿੰਘ ਰਤੀਆ ਮੀਤ ਪ੍ਰਧਾਨ,ਐਡਵੋਕੇਟ ਚੰਨਦੀਪ ਸਿੰਘ ਰੋਹਤਕ ਮੀਤ ਸਕੱਤਰ,ਅਮਰਿੰਦਰ ਸਿੰਘ ਅਰੋੜਾ ਅੰਤ੍ਰਿੰਗ ਮੈਂਬਰ, ਗੁਰਪ੍ਰਸਾਦ ਸਿੰਘ ਫਰੀਦਾਬਾਦ ਮੈਂਬਰ,ਸਤਪਾਲ ਸਿੰਘ ਪਿਹੋਵਾ ਅੰਤ੍ਰਿੰਗ ਮੈਂਬਰ,ਸਰਬਜੀਤ ਸਿੰਘ ਜੰਮੂ ਸਕੱਤਰ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਆਗੂ ਪੰਥਕ ਸੇਵਾ ਲਹਿਰ ਦਾਦੂ ਸਾਹਿਬ,ਛਿੰਦਰਪਾਲ ਸਿੰਘ ਬਰਾੜ ਸੀਨੀਅਰ ਐਡਵੋਕੇਟ ਅਤੇ ਡਾਕਟਰ ਮਨਜੀਤ ਸਿੰਘ ਭੋਮਾ ਚੇਅਰਮੈਨ ਪੰਜਾਬ ਧਰਮ ਪ੍ਰਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਜਗਮੀਤ ਸਿੰਘ ਬਰਾੜ,ਗੁਰਸੇਵਕ ਸਿੰਘ ਰੰਗੀਲਾ ਅਤੇ ਖੜਕ ਸਿੰਘ ਕੁਲਰੀਆਂ ਸ਼ਾਮਲ ਸਨ।