ਕੀ ਸ਼੍ਰੋਮਣੀ ਅਕਾਲੀ ਛੇਤੀ ਹੀ ਦੋਫਾੜ ਹੋ ਸਕਦਾ ਹੈ ?
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 10 ਅਗਸਤ 2022 - ਵੈਸੇ ਤਾਂ ਵਿਧਾਨ ਸਭਾ ਚੋਣ ਨਤੀਜਿਆਂ ਦੇ ਫ਼ੌਰਨ ਬਾਅਦ ਹੀ ਇਹ ਤੈਅ ਹੋ ਗਿਆ ਸੀ ਕਿ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੈਲੰਜ ਮਿਲਣ ਚ ਕੋਈ ਦਿੱਕਤ ਪੇਸ਼ ਨਹੀਂ ਆਉਣੀ ।ਚੋਣ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਦੇ ਬਹਾਨੇ ਝੂੰਦਾ ਕਮੇਟੀ ਬਣਾ ਕੇ ਫ਼ੌਰੀ ਚੈਲੰਜ ਨੂੰ 2-3 ਅਗਾਂਹ ਸਰਕਾਉਣ ਦਾ ਤਾਂ ਹੀਲਾ ਕਰ ਲਿਆ ਗਿਆ ।ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਹੋਰ ਖੋਖ ਪੜਤਾਲ ਦੇ ਪੱਜ ਬਗਾਵਤ ਨੂੰ ਹੋਰ ਸਮੇਂ ਤੱਕ ਠੰਡੀ ਰੱਖਣ ਦੀਆਂ ਮਸ਼ਕਾਂ ਤੇ ਮਨਪ੍ਰੀਤ ਸਿੰਘ ਇਆਲੀ ਦੀ ਖੁੱਲੇਆਮ ਬਗਾਵਤ ਨੇ ਪਾਣੀ ਫੇਰ ਦਿੱਤਾ।ਬਗਾਵਤ ਦੀ ਜੀਹਨੇ ਵੀ ਪਹਿਲ ਕਰਨੀ ਸੀ ਬਗਾਵਤ ਦੀ ਉਮੀਦ ਚ ਬੈਠੇ ਹੋਰ ਆਗੂਆਂ ਨੇ ਉਹਦੇ ਦੁਆਲੇ ਕੱਠੇ ਹੋਣਾ ਹੀ ਸੀ।ਸੋ ਪਹਿਲੇ ਝੱਟੇ ਹੀ 10–11 ਸੀਨੀਅਰ ਲੀਡਰ ਇਆਲੀ ਮਗਰ ਤੁਰ ਪਏ ਭਾਵੇਂ ਇਹ ਗੱਲ ਐਲਾਨੀਆਂ ਤੌਰ ਤੇ ਕਿਸੇ ਲੀਡਰ ਨੇ ਨਹੀਂ ਕਹੀ ਪਰ ਇਆਲੀ ਵੱਲੋਂ ਐਲਾਨੀਆਂ ਬਗਾਵਤ ਮਗਰੋਂ ਹੀ 12 ਸੀਨੀਅਰ ਲੀਡਰਾਂ ਵੱਲੋਂ ਇਆਲੀ ਨੂੰ ਵਿਚਕਾਰ ਬਿਠਾ ਕੇ ਮੀਟਿੰਗ ਦੀ ਫੋਟੋ ਖਿਚਾਉਣਾ ਕਲੀਅਰ ਇਸ਼ਾਰਾ ਹੈ ਕਿ ਮਨਪ੍ਰੀਤ ਸਿੰਘ ਇਆਲੀ ਹੀ ਬਾਗ਼ੀਆਂ ਦੀ ਪਹਿਲੀ ਰਸਮੀ ਮੀਟਿੰਗ ਦਾ ਧੁਰਾ ਸੀ।
ਭਾਵੇਂ ਇਆਲੀ ਨੇ ਇਹ ਬਿਆਨ ਦਿੱਤਾ ਹੈ ਕਿ ਕੇ ਅਜਿਹੀਆਂ ਮੀਟਿੰਗਾਂ ਨੂੰ ਪਾਰਟੀ ਮਜ਼ਬੂਤ ਕਰਨ ਵਾਲੀਆਂ ਸਰਗਰਮੀਆਂ ਹੀ ਸਮਝਿਆ ਜਾਵੇ ਪਰ ਅਸਲ ਵਿੱਚ ਇਹ ਮੁਤਵਾਜੀ ਲੀਡਰਸ਼ਿਪ ਖੜੀ ਕਰਨ ਦੀਆਂ ਮਸ਼ਕਾਂ ਹੀ ਹਨ।ਮੀਟਿੰਗ ਮਗਰੋਂ ਜਾਰੀ ਇੱਕ ਬਿਆਨ ਚ ਕਿਹਾ ਗਿਆ ਹੈ ਇੱਕ ਵੱਡਾ ਵਫ਼ਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇਗਾ।ਭਾਵੇਂ ਇਹ ਤਾਂ ਨਹੀਂ ਦੱਸਿਆ ਗਿਆ ਕਿ ਇਹ ਵਫ਼ਦ ਕੀ ਮੰਗ ਕਰੇਗਾ ਪਰ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਤੋਂ ਸਿਵਾਏ ਕੋਈ ਹੋਰ ਮੰਗ ਦੀ ਕੋਈ ਗੁੰਜਾਇਸ਼ ਨਹੀਂ ਦਿਸਦੀ।
ਓਧਰ ਸੁਖਬੀਰ ਸਿੰਘ ਬਾਦਲ ਵੱਲੋਂ ਬਗਾਵਤ ਦੀ ਆਹਟ ਦੇ ਫ਼ੌਰਨ ਬਾਅਦ ਜ਼ਾਬਤਾ ਕਮੇਟੀ ਕਾਇਮ ਕਰਨ ਦਾ ਮਤਲਬ ਬਾਗ਼ੀਆਂ ਨਾਲ ਸਖ਼ਤ ਲਹਿਜੇ ਚ ਪੇਸ਼ ਆਉਣ ਦਾ ਇਸ਼ਾਰਾ ਹੈ।ਸੁਖਬੀਰ ਬਾਦਲ ਵੱਲੋਂ ਅਹੁਦਾ ਛੱਡਣ ਦੀ ਸੰਭਾਵਨਾ ਪਹਿਲੇ ਦਿਨ ਤੋਂ ਹੀ ਕਿਸੇ ਨੂੰ ਵੀ ਨਜ਼ਰ ਨਹੀਂ ਸੀ ਆਉਂਦੀ ਪਰ ਹੁਣ ਉਹਨਾਂ ਵੱਲੋਂ ਅਪਣਾਏ ਸਖ਼ਤ ਰੁਖ ਨਾਲ ਜੇ ਕਿਸੇ ਨੂੰ ਆਸ ਸੀ ਉਹ ਵੀ ਖਤਮ ਹੈ।ਓਧਰ ਬਾਗ਼ੀਆਂ ਵੱਲੋਂ ਵੀ ਇਹਨਾਂ ਹਾਲਤਾਂ ਚ ਪੈਰ ਪਿਛਾਂਹ ਪੁੱਟਣਾ ਔਖਾ ਹੈ।ਸੋ ਅਜਿਹੀ ਸੂਰਤੇਹਾਲ ਚ ਬਾਗ਼ੀਆਂ ਵੱਲੋਂ ਮੁਤਵਾਜੀ ਅਕਾਲੀ ਦਲ ਕਾਇਮ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿਣਾ।
ਮੁਤਵਾਜੀ (ਮੁਕਾਬਲੇ ਦਾ) ਅਕਾਲੀ ਦਲ ਦਾ ਮਤਲਬ ਅਕਾਲੀ ਦਲ ਚ ਦੁਫੇੜ ਬਣਦਾ ਹੈ। ਅਕਾਲੀ ਦਲ ਚ ਪਈਆਂ 1980 , 1985 ਤੇ 2000 ਸੰਨ ਵਾਲੀਆਂ ਦੁਫੇੜਾਂ ਦਾ ਇਤਿਹਾਸ ਇਹ ਹੈ ਕਿ ਜਦੋਂ ਪਾਰਟੀ ਦੇ ਦੋ ਧੜੇ ਬਣਦੇ ਹਨ ਤਾਂ ਪ੍ਰਧਾਨ ਤੋਂ ਬਾਗ਼ੀ ਧੜਾ ਆਪਦਾ ਵੱਖਰਾ ਪ੍ਰਧਾਨ ਚੁਣਦਾ ਹੈ।ਇਹਤੋਂ ਪਹਿਲਾਂ ਬਾਗ਼ੀ ਧੜਾ ਜਿਲਾ ਵਾਰ ਕਾਨਫਰੰਸਾਂ ਕਰਕੇ ਵਰਕਰਾਂ ਦੀ ਲਾਮਬੰਦੀ ਕਰਦਾ ਹੈ ਕਾਬਜ਼ ਲੀਡਰਸ਼ਿਪ ਦੇ ਖਿਲਾਫ ਖ਼ੂਬ ਭੜਾਸ ਕੱਢੀ ਜਾਂਦੀ ਹੈ।ਫੇਰ ਇੱਕ ਥਾਂ ਵੱਡੀ ਕਾਨਫਰੰਸ ਕਰਕੇ ਕਾਬਜ਼ ਪ੍ਰਧਾਨ ਨੂੰ ਪਾਰਟੀ ਚੋਂ ਕੱਢਣ ਦਾ ਮਤਾ ਪਾਸ ਕਰਕੇ ਉਹਦੀ ਥਾਂ ਨਵਾਂ ਪ੍ਰਧਾਨ ਚੁਣ ਲਿਆ ਜਾਂਦਾ ਹੈ ਯਾਨੀ ਕਿ ਮੁਤਵਾਜੀ ਪਾਰਟੀ ਕਾਇਮ ਹੋ ਜਾਂਦੀ ਹੈ ।
ਇਸੇ ਦੌਰਾਨ ਪਹਿਲਾ ਧੜਾ ਵੀ ਚੁੱਪ ਨਹੀਂ ਬੈਠਦਾ ਉਹ ਵੀ ਜਿਲਾਵਾਰ ਕਾਨਫਰੰਸਾਂ ਕਰਕੇ ਦੂਜੇ ਧੜੇ ਨੂੰ ਆਪਦੇ ਤਰੀਕੇ ਨਾਲ ਭੰਡਦਾ ਹੈ।ਦੋਵੇਂ ਧੜੇ ਆਪਣੇ ਆਪ ਨੂੰ ਅਸਲੀ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਦਾਅਵਾ ਪੇਸ਼ ਕਰਦੇ ਹਨ।ਐਤਕੀਂ ਵੀ ਅਕਾਲੀ ਚ ਚਲਦੀ ਕਸ਼ਮਕਸ਼ ਦੇ ਮੱਦੇਨਜਰ ਉਕਤ ਇਤਿਹਾਸ ਤੋਂ ਕੁਸ਼ ਵੱਖਰਾ ਹੋਣ ਦਾ ਇਮਕਾਨ ਨਹੀਂ ਹੈ।ਬਾਗ਼ੀ ਅਕਾਲੀਆਂ ਦੀ ਅਗਲੀ ਮੀਟਿੰਗ ਲਗਭਗ 10 ਕੁ ਦਿਨਾਂ ਦੇ ਵਿੱਚ ਵਿੱਚ ਲੁਦੇਹਾਣੇ ਸ਼ਹਿਰ ਦੇ ਬਾਹਰਵਾਰ ਇੱਕ ਪਿੰਡ ਚ ਹੋਣ ਦੀ ਕਨਸੋਅ ਹੈ ਜੀਹਦੇ ਹਾਜ਼ਰ ਹੋਣ ਵਾਲੇ ਲੀਡਰਾਂ ਦੀ ਤਾਦਾਦ ਹੋਰ ਵੱਧਣ ਦੀ ਤਵੱਕੋ ਕੀਤੀ ਜਾ ਰਹੀ ਹੈ।