ਰਾਘਵ ਚੱਢਾ ਹੈਲਪ ਲਾਈਨ ਜਾਰੀ ਕਰਨ ਤੋਂ ਪਹਿਲਾਂ ਬੇਅਦਬੀਆਂ ਅਤੇ ਰਿਹਾਈਆਂ ਦਾ ਮੁੱਦਾ ਹੱਲ ਕਰਦੇ:ਹਵਾਰਾ ਕਮੇਟੀ
ਹੈਲਪ ਲਾਈਨ ਨੂੰ ਦੱਸਿਆ ਛਲਾਵਾ
ਅੰਮ੍ਰਿਤਸਰ 09 ਅਗਸਤ 2022: ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਪੰਜਾਬ ਦੇ ਤਿੰਨ ਕਰੋੜ ਲੋਕਾਂ ਕੋਲ਼ੋਂ ਸੂਬੇ ਦੀ ਸਮੱਸਿਆਵਾਂ ਸੰਬੰਧੀ ਸੁਝਾਵ ਲੈਣ ਲਈ ਜਾਰੀ ਕੀਤੇ ਹੈਲਪ ਲਾਈਨ ਨੰ ਤੇ ਆਪਣਾ ਤਿੱਖਾ ਪ੍ਰਤਿਕਰਮ ਦਿੱਤਾ ਹੈ। ਕਮੇਟੀ ਆਗੂਆਂ ਨੇ ਕਿਹਾ ਕਿ ਰਾਘਵ ਚੱਢਾ ਇਕ ਪੜ੍ਹੇ ਲਿਖੇ ਸਿਆਸਤਦਾਨ ਹਨ ਅਤੇ ਉਹ ਪੰਜਾਬ ਦੇ ਲੋਕਾਂ ਦੀ ਮੌਜੂਦਾ ਮਾਨਸਿਕਤਾ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 2015 ਵਿੱਚ ਬੇਅਦਬੀਆਂ ਅਕਾਲੀ-ਭਾਜਪਾ ਸਰਕਾਰ ਵੇਲੇ ਹੋਈਆਂ ਸੀ ਜਿਸਦੇ ਚੱਲਦਿਆਂ ਬਹਿਬਲਕਲਾਂ ਵਿੱਖੇ ਰੋਸ਼ ਕਰਦਿਆਂ ਪੁਲਿਸ ਗੋਲੀ ਨਾਲ ਦੋ ਸਿੰਘ ਸ਼ਹੀਦ ਹੋ ਗਏ ਸਨ। ਅੱਜ ਤੱਕ ਸਿੱਖਾਂ ਨੂੰ ਇਸਦਾ ਇਨਸਾਫ਼ ਨਹੀਂ ਮਿਲਿਆ। ਇਸ ਦੌਰਾਨ ਪੰਜਾਬ ਵਿੱਚ ਚਾਰ ਮੁੱਖ ਮੰਤਰੀਆਂ ਦੀ ਸਰਕਾਰ ਰਹੀ। ਜਿਕਰਯੋਗ ਹੈ ਕਿ ਪਿਛਲੇ ਅੱਠ ਮਹੀਨਿਆਂ ਤੋਂ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ। ਇਸਦੇ ਨਾਲ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜੋ ਕਿ ਗੁਰੂ ਨਾਨਕ ਸਾਹਿਬ ਦੇ 550 ਪ੍ਰਕਾਸ਼ ਦਿਵਸ ਤੇ ਹੋਣੀ ਚਾਹੀਦੀ ਸੀ ਉਹ ਹੁਣ ਤੱਕ ਨਹੀਂ ਹੋਈ ਹੈ। ਹਵਾਰਾ ਕਮੇਟੀ ਨੇ ਦਾਅਵਾ ਕੀਤਾ ਕਿ ਪ੍ਰੋ.ਭੁੱਲਰ ਦੀ ਰਿਹਾਈ ਲਈ ਕੋਈ ਵੀ ਸੰਵਿਧਾਨਿਕ ਅਤੇ ਕਾਨੂੰਨੀ ਅੜਿੱਕਾ ਨਹੀਂ ਹੈ। ਇਹ ਕੇਵਲ ਦਿੱਲੀ ਸਰਕਾਰ ਦੀ ਫ਼ਿਰਕਾਪ੍ਰਸਤ ਸੋਚ ਕਾਰਨ ਰੁਕੀ ਹੋਈ ਹੈ।
ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦਾ ਮਸਲਾ ਵੀ ਦਿੱਲੀ ਅਤੇ ਪੰਜਾਬ ਦੀ ਆਪ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ। ਪਰ ਬਾਰ ਬਾਰ ਯਾਦ ਕਰਾਉਣ ਦੇ ਬਾਵਜੂਦ ਉਨ੍ਹਾਂ ਦੀ ਜੇਲ੍ਹ ਤਬਦੀਲੀ ਨਹੀਂ ਹੋ ਰਹੀ। ਕਮੇਟੀ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਲਦੇਵ ਸਿੰਘ ਨਵਾਂ ਪਿੰਡ, ਮਹਾਂਬੀਰ ਸਿੰਘ, ਦਿਲਸ਼ੇਰ ਸਿੰਘ ਜੰਡਿਆਲਾ ਨੇ ਕਿਹਾ ਕਿ ਰਾਘਵ ਚੱਢਾ ਨੂੰ ਪ੍ਰਤੱਖ ਰੂਪ ਵਿਚ ਜੋ ਸਮਿਸਆਵਾਂ ਜਮੀਨੀ ਹਕੀਕਤ ਨਾਲ ਜੁੜੀਆ ਹਨ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦਾ ਦੇਸ਼ ਦੀ ਲੋਕ ਸਭਾ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਹਵਾਰਾ ਕਮੇਟੀ ਨੇ ਪੰਜਾਬ ਵਾਸੀਆਂ ਨੂੰ ਸੁਚੇਤ ਕੀਤਾ ਕਿ ਹੈਲਪ ਲਾਈਨ ਨੰ ਜਾਰੀ ਕਰਕੇ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ ਬਲਕਿ ਇਹ ਆਪ ਸਰਕਾਰ ਵਿੱਚ ਪ੍ਰਧਾਨਤਾ ਦੀ ਚੱਲ ਰਹੀ ਠੰਡੀ ਜੰਗ(ਕੋਲਡ ਵਾਰ) ਦਾ ਨਤੀਜਾ ਹੈ।ਇਸ ਲਈ ਹੈਲਪ ਲਾਈਨ ਨੰ ਇਕ ਛਲ਼ਾਵਾ ਹੈ।
ਬਿਆਨ ਜਾਰੀ ਕਰਨ ਵਾਲਿਆਂ ਵਿੱਚ ਬਲਬੀਰ ਸਿੰਘ ਹਿਸਾਰ, ਰਘਬੀਰ ਸਿੰਘ ਭੁੱਚਰ, ਦਲਜੀਤ ਸਿੰਘ, ਜਗਰਾਜ ਸਿੰਘ ਪੱਟੀ, ਸੁਖਦੇਵ ਸਿੰਘ ਵੇਰਕਾ ਆਦਿ ਸ਼ਾਮਿਲ ਹਨ।