ਕੌਮੀ ਝੰਡੇ ਦਾ ਅਪਮਾਨ ਕਰਨ ਵਾਲੇ ਲਾਲ ਸਿੰਘ ਭੁੱਲਰ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਤੁਰੰਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ: ਜੀਵਨ ਗੁਪਤਾ
ਚੰਡੀਗੜ੍ਹ 09 ਅਗਸਤ 2022: ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਦਿੱਲੀ ਹਿੰਸਾ ਦੌਰਾਨ ਕੌਮੀ ਝੰਡੇ ਦਾ ਅਪਮਾਨ ਹੋਣ ਦੇ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੰਤਰੀ ਲਾਲ ਸਿੰਘ ਭੁੱਲਰ ਦੀਆਂ ਫੋਟੋਆਂ ਵਿੱਚ ਉਥੇ ਮੌਜੂਦ ਹੋਣ 'ਤੇ ਸਵਾਲ ਚੁੱਕਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਦੇਸ਼ ਵਿਰੋਧੀ ਜੋ ਪੰਜਾਬ ਲਈ ਬਹੁਤ ਖ਼ਤਰਨਾਕ ਹਨ, ਉਸ ਨੂੰ ਤੁਰੰਤ ਮੰਤਰੀ ਦੇ ਅਹੁਦੇ 'ਤੇ ਹਟਾ ਕੇ ਉਸ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਬਹੁਤ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਉਹਨਾਂ ਦੀ ਪਾਰਟੀ ਰਾਸ਼ਟਰਵਾਦੀ ਪਾਰਟੀ ਹੈ ਅਤੇ ਉਹਨਾਂ ਦੀ ਪਾਰਟੀ ਦੇਸ਼ ਹਿੱਤ ਦੀ ਗੱਲ ਕਰਦੀ ਹੈ, ਪਰ ਉਨ੍ਹਾਂ ਦੀ ਪਾਰਟੀ ਦੇ ਪੰਜਾਬ ਸਰਕਾਰ ਦੇ ਮੰਤਰੀ ਲਾਲ ਸਿੰਘ ਭੁੱਲਰ ਲਾਲ ਕਿਲ੍ਹੇ 'ਤੇ ਦੇਸ਼ ਦੀ ਸ਼ਾਨ ਕੌਮੀ ਝੰਡੇ ਦੇ ਵਿਰੋਧ ਅਤੇ ਅਪਮਾਨ ਦੇ ਸਮੇਂ ਦੰਗਾਕਾਰੀ ਨਾਲ ਉਥੇ ਮੌਜੂਦ ਸਨ। ਅਜਿਹੇ ਲੋਕਾਂ ਨੂੰ ਸਰਕਾਰ ਵਿੱਚ ਰੱਖ ਕੇ ਕੇਜਰੀਵਾਲ ਅਤੇ ਭਗਵੰਤ ਮਾਨ ਆਪਣੇ ਅਤੇ ਆਪਣੀ ਪਾਰਟੀ ਦੇ ਦੇਸ਼ ਵਿਰੋਧੀ ਹੋਣ ਦਾ ਪ੍ਰਤੱਖ ਸਬੂਤ ਦੇ ਰਹੇ ਹਨ।
ਜੀਵਨ ਗੁਪਤਾ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਜਿਹੇ ਦੇਸ਼ ਵਿਰੋਧੀ ਲੋਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਗੁਪਤਾ ਨੇ ਕਿਹਾ ਕਿ ਅਜਿਹੇ ਦੇਸ਼ ਵਿਰੋਧੀ ਲੋਕਾਂ ਨੂੰ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਕਿਉਂ ਦਿੱਤੇ ਗਏ? ਅਜਿਹੇ ਲੋਕ ਕੁਝ ਦੇਸ਼ ਵਿਰੋਧੀ ਤਾਕਤਾਂ ਦੇ ਇਸ਼ਾਰੇ 'ਤੇ ਪੰਜਾਬ ਦੀ ਏਕਤਾ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੀਵਨ ਗੁਪਤਾ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਅਜਿਹੇ ਦੇਸ਼ ਵਿਰੋਧੀ ਲਾਲ ਸਿੰਘ ਭੁੱਲਰ ਨੂੰ ਤੁਰੰਤ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਇਹ ਹੋਰ ਦੇਸ਼ ਵਿਰੋਧੀ ਲੋਕਾਂ ਲਈ ਸਬਕ ਬਣ ਸਕੇ।