ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਨੇ ਬੱਸ ਅੱਡੇ ਤੇ ਪ੍ਰਾਈਵੇਟ ਬੱਸਾਂ ਨੂੰ ਕੁਝ ਘੰਟੇ ਲਈ ਰੋਕ ਕੇ ਹੜਤਾਲ ਕੀਤੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 09 ਅਗਸਤ 2022
ਬਟਾਲਾ ਬੱਸ ਅੱਡੇ ਤੇ ਪ੍ਰਾਈਵੇਟ ਬੱਸ ਮਾਲਿਕਾਂ ਅਤੇ ਡਰਾਈਵਰਾਂ ਵਲੋਂ ਤਮਾਮ ਪ੍ਰਾਈਵੇਟ ਬੱਸਾਂ ਦਾ ਪਹੀਆ ਜਾਮ ਕਰਦੇ ਹੋਏ ਕੁਝ ਘੰਟਿਆਂ ਲਈ ਹੜਤਾਲ ਕੀਤੀ ਗਈ। ਇਸ ਦੌਰਾਨ ਰੋਜ਼ਾਨਾ ਦੇ ਯਾਤਰੂਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਹੜਤਾਲ ਦੌਰਾਨ ਪ੍ਰਾਈਵੇਟ ਬੱਸ ਯੂਨੀਅਨ ਦੇ ਆਗੂ ਤਰਲੋਕ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਹੜਤਾਲ ਸਰਕਾਰਾਂ ਦੇ ਕੰਨ ਖੌਲਣ ਲਈ ਅਤੇ ਬੱਸ ਟਰਾਂਸਪੋਰਟ ਦੇ ਕੰਮ ਨੂੰ ਡੁੱਬਣ ਤੋਂ ਬਚਾਉਣ ਲਈ ਕੀਤੀ ਗਈ ਹੈ।ਉਹਨਾ ਦਾ ਕਹਿਣਾ ਸੀ ਕਿ ਪਿਛਲੀ ਸਰਕਾਰ ਨੇ ਰਾਜ ਅੰਦਰ ਔਰਤਾਂ ਲਈ ਬੱਸ ਸਫ਼ਰ ਮੁਫ਼ਤ ਕਰ ਦਿੱਤਾ ਗਿਆ ਸੀ ਅਤੇ ਹੁਣ ਵਾਲੀ ਸਰਕਾਰ ਵੀ ਇਸੇ ਫੈਂਸਲੇ ਤੇ ਚੱਲ ਰਹੀ ਹੈ ਜਿਸ ਕਾਰਨ ਬਿਨਾਂ ਵਜ੍ਹਾ ਬੱਸ ਕਾਰੋਬਾਰ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਉਹਨਾ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਹ ਫੈਂਸਲਾ ਬਦਲਦੇ ਹੋਏ 60 ਸਾਲ ਤੋਂ ਉਪਰ ਉਮਰ ਦੀਆਂ ਅਤੇ ਜਰੂਰਤਮੰਦ ਔਰਤਾਂ ਤੇ ਹੀ ਲਾਗੂ ਕਰਨਾ ਚਾਹੀਦਾ ਹੈ ਕਿਉਕਿ ਜੋ ਔਰਤਾਂ ਨੌਕਰੀ ਪੇਸ਼ਾ ਹਨ ਅਤੇ ਮੋਟੀਆਂ ਤਨਖਾਹਾਂ ਲੈਂਦੀਆਂ ਹਨ ਅਤੇ ਰੋਜ਼ਾਨਾ ਹੀ ਬੱਸਾਂ ਵਿੱਚ ਸਫ਼ਰ ਕਰਦੀਆਂ ਹਨ ਉਹਨਾਂ ਉੱਤੇ ਇੰਸ ਫੈਂਸਲੇ ਨੂੰ ਲੈਕੇ ਰੋਕ ਲਗਾਉਣੀ ਚਾਹੀਦੀ ਹੈ।ਨਾਲ ਹੀ ਉਹਨਾ ਦਾ ਕਹਿਣਾ ਸੀ ਕਿ ਪਿਛਲੇ ਸਮੇਂ ਵਿੱਚ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲਗ ਪਈਆਂ ਹਨ ਪਰ ਬੱਸਾਂ ਦਾ ਕਿਰਾਇਆ ਉਥੇ ਹੀ ਖੜਾ ਹੈ। ਇਸ ਲਈ ਬੱਸਾਂ ਦਾ ਕਿਰਾਇਆ ਵਧਾਇਆ ਜਾਵੇ ਅਤੇ ਨਾਲ ਹੀ ਟੋਲ ਪਲਾਜ਼ਾ ਉੱਤੇ ਵੀ ਬੱਸਾਂ ਨੂੰ ਟੋਲ ਮੁਆਫੀ ਕੀਤੀ ਜਾਵੇ।
.ਓਥੇ ਹੀ ਬੱਸ ਅੱਡੇ ਤੇ ਬੱਸਾਂ ਚਲਣ ਦੀ ਉਡੀਕ ਕਰ ਰਹੇ ਯਾਤਰੂਆਂ ਦਾ ਕਹਿਣਾ ਸੀ ਕਿ ਬੱਸਾਂ ਦੀ ਹੜਤਾਲ ਕਾਰਨ ਆਪਣੀ ਮੰਜਿਲ ਤੇ ਸਮੇ ਸਿਰ ਨਹੀਂ ਪਹੁੰਚ ਸਕਦੇ ਓਹਨਾ ਦਾ ਕਹਿਣਾ ਸੀ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਤਾਂਕਿ ਆਮ ਜਨਤਾ ਨੂੰ ਇਨ੍ਹਾਂ ਦੀਆ ਹੜਤਾਲਾਂ ਕਾਰਨ ਪ੍ਰੇਸ਼ਾਨੀ ਨਾ ਝੱਲਣੀ ਪਵੇ