ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 09 ਅਗਸਤ :2022
ਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਟਰਨਰੀ ਅਫ਼ਸਰ ਮਾਲੇਰਕੋਟਲਾ ਡਾਕਟਰ ਮਿਸ਼ਰ ਸਿੰਘ ਨੇ ਦੱਸਿਆ ਕਿ ਪਸੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ,ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਵੱਲੋਂ ਲੰਪੀ ਸਕਿੰਨ ਬਿਮਾਰੀ ਨੂੰ ਕੰਟਰੋਲ ਕਰਨ ਲਈ ਪੂਰੀ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ ਅਤੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਗਾਈਡਲਾਈਨਜ਼ ਦਾ ਪੂਰੀ ਤਰਾਂ ਪਾਲਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਜਾਣਕਾਰੀ ਦਿਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਲੰਪੀ ਸਕਿਨ ਦੀ ਰੋਕਥਾਮ ਲਈ 15 ਟੀਮਾਂ ਦਾ ਵੈਕਸੀਨੇਸ਼ਨ/ਬਿਮਾਰ ਪਸੂਆਂ ਦਾ ਇਲਾਜ ਕਰਨ ਲਈ ਗਠਨ ਕੀਤਾ ਗਿਆ ਹੈ।ਜਿਨ੍ਹਾਂ ਦੁਆਰਾ 7 ਅਗਸਤ ਤੱਕ ਨੂੰ “ ਗੋਟ ਪੌਕਸ ਵੈਕਸੀਨ " ਦੀਆਂ 825 ਡੋਜਾਂ ਪਸੂਆਂ ਨੂੰ ਵੈਕਸੀਨੇਸ਼ਨ ਕਰ ਦਿੱਤੀ ਗਈ ਹੈ ਅਤੇ 80 ਪਸੂਆਂ ਦਾ ਇਲਾਜ ਕੀਤਾ ਗਿਆ ਹੈ।ਪਸੂ ਪਾਲਕਾਂ ਨੂੰ ਜਾਗਰੂਕ ਕਰਨ ਲਈ ਹੁਣ ਤੱਕ ਕਰੀਬ 20 ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ
ਵੈਟਰਨਰੀ ਅਫ਼ਸਰ ਸੀ.ਵੀ.ਐੱਚ. ਕੁੱਪ ਖੁਰਦ ਡਾਕਟਰ ਹਰਦਿਲਬਰ ਪ੍ਰੀਤ ਸਿੰਘ ਵਲੋਂ ਪਿੰਡ ਕੁਪ ਖਰਦ ਵਿਖੇ ਪਸੂ ਪਾਲਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੈਂਪ ਲਗਾਇਆ ਗਿਆ।ਇਸ ਮੌਕੇ ਡਾ: ਜਗਦੇਵ ਸਿੰਘ,ਡਾ: ਸੁਹੇਲ ਲਿਆਕਤ, ਪਸ਼ੂ ਪਾਲਕ ਅਤੇ ਵੈਟਨਰੀ ਸਟਾਫ਼ ਵੀ ਮੌਜੂਦ ਸੀ ।ਉਨ੍ਹਾਂ ਦੱਸਿਆ ਕਿ ਇਹ ਇੱਕ ਵਾਇਰਲ ਬਿਮਾਰੀ ਹੈ ਜੋ ਕਿ ਗਾਵਾਂ ਵਿੱਚ ਜ਼ਿਆਦਾ ਫੈਲਦੀ ਹੈ ਅਤੇ ਇਹ ਬਿਮਾਰੀ ਜ਼ਿਆਦਾ ਤਰ ਬਰਸਾਤੀ ਮੌਸਮ ਦੌਰਾਨ ਮੱਖੀ, ਮੱਛਰ, ਚਿੱਚੜ ਆਦਿ ਨਾਲ ਫੈਲਦੀ ਹੈ। ਪੀੜਤ ਪਸੂ ਦੀ ਚਮੜੀ ਤੇ ਧੱਫੜ, ਤੇਜ਼ ਬੁਖ਼ਾਰ, ਪੈਰਾ ਦੀ ਸੋਜ ,ਦੁੱਧ ਦਾ ਘਟਣਾ ,ਪਸੂ ਦੀ ਭੁੱਖ ਦਾ ਘਟਣਾ ਇਸ ਦੇ ਮੁੱਖ ਲੱਛਣ ਹਨ । ਉਨ੍ਹਾਂ ਹੋਰ ਦੱਸਿਆ ਕਿ ਜੋ ਬਿਮਾਰ ਪਸੂ ਜੋ ਲਗਾਤਾਰ ਸੰਤੁਲਿਤ ਖ਼ੁਰਾਕ ਖਾਂਦੇ ਰਹਿੰਦੇ ਹਨ ਉਹ ਕੁਝ ਸਾਵਧਾਨੀਆਂ ਉਪਰੰਤ ਜ਼ਿਆਦਾ ਤਰ ਖ਼ੁਦ ਠੀਕ ਹੋ ਜਾਂਦੇ ਹਨ। ਇਸ ਬਿਮਾਰੀ ਤਹਿਤ ਮੌਤ ਦੀ ਦਰ ਬਹੁਤ ਹੀ ਘੱਟ ਹੈ । ਇਸ ਲਈ ਪਸੂ ਪਾਲਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਲੰਪੀ ਸਕਿਨ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਪਸ਼ੂ ਪਾਲਕ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਚਮੜੀ ਦੀ ਇਸ ਬਿਮਾਰੀ ਦੇ ਜੇਕਰ ਲੱਛਣ ਉਨਾਂ ਦੇ ਪਸ਼ੂਆਂ ਵਿੱਚ ਦੇਖੇ ਜਾਂਦੇ ਹਨ ਤਾਂ ਉਹ ਸਭ ਤੋਂ ਪਹਿਲਾ ਆਪਣੇ ਪ੍ਰਭਾਵਿਤ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਸਿਹਤਮੰਦ ਪਸ਼ੂਆਂ ਤੋਂ ਅਲੱਗ ਕਰਨ । ਉਨ੍ਹਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਨਾਲ ਸਬੰਧਿਤ ਲੱਛਣ ਮਿਲਣ ਦੀ ਸੂਰਤ ਵਿੱਚ ਪਸ਼ੂ ਪਾਲਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਨੇੜਲੇ ਸਰਕਾਰੀ ਪਸ਼ੂ ਹਸਪਤਾਲਾਂ ਦੇ ਡਾਕਟਰਾਂ, ਸਟਾਫ਼ ਨਾਲ ਸੰਪਰਕ ਕਰਨਾ ਚਾਹੀਦਾ ਹੈ ਨਾਂ ਅਣ ਅਧਿਕਾਰਤ ਝੋਲੇ ਛਾਪ ਡਾਕਟਰਾਂ ਨਾਲ ।ਉਨ੍ਹਾਂ ਕਿਹਾ ਕਿ ਭਾਵੇਂ ਇਸ ਬਿਮਾਰੀ ਦੀ ਮਨੁੱਖਾਂ ਵਿੱਚ ਲਾਗ ਦੀ ਪੁਸ਼ਟੀ ਨਹੀਂ ਹੋਈ ਹੈ ਫਿਰ ਵੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ, ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜ਼ਰ, ਦਸਤਾਨੇ, ਫੇਸ ਮਾਸਕ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ । ਇਸ ਤੋਂ ਇਲਾਵਾ ਮੱਖੀ, ਮੱਛਰ ਆਦਿ ਤੋਂ ਬਚਾਓ ਲਈ ਪਸੂ ਪਾਲਣ ਵਿਭਾਗ ਦੀ ਸਲਾਹ ਅਨੁਸਾਰ ਉਪਰਾਲੇ ਕਰਨੇ ਚਾਹੀਦੇ ਹਨ।
ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੰਦਰੁਸਤ ਗਾਵਾਂ ਨੂੰ “ ਗੋਟ ਪੌਕਸ ਵੈਕਸੀਨ " ਲਗਵਾਉਣ। ਇਸ ਬਿਮਾਰੀ ਦੇ ਚਲਦੀਆਂ ਜਿਆਦਾ ਪ੍ਰਭਾਵਿਤ ਖੇਤਰਾਂ ਤੋਂ ਪਸ਼ੂਆਂ ਦੀ ਖ਼ਰੀਦੋ ਫ਼ਰੋਖ਼ਤ ਨਾ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਜਿੱਥੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਉੱਥੇ ਲੋਕਾਂ ਨੂੰ ਬਿਮਾਰੀ ਦੀ ਰੋਕਥਾਮ ਪ੍ਰਤੀ ਜਾਗਰੂਕ ਵੀ ਕਰ ਰਹੀਆਂ ਹਨ।