ਵਿਆਹ ਪੁਰਬ ਦੇ ਮੱਦੇਨਜ਼ਰ ਸੀਵਰੇਜ ਬੋਰਡ ਵੱਲੋਂ ਹੈਲਪ-ਲਾਈਨ ਨੰਬਰ 84275-66323 ਜਾਰੀ
ਸ਼ਹਿਰ ਵਾਸੀ ਸੀਵਰੇਜ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਕਰਾ ਸਕਦੇ ਹਨ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ08 ਅਗਸਤ 2022
ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਦੀਆਂ ਹਦਾਇਤਾਂ ’ਤੇ ਸੀਵਰੇਜ ਬੋਰਡ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੱਦੇਨਜ਼ਰ ਸੀਵਰੇਜ ਨਾਲ ਸਬੰਧਤ ਸ਼ਿਕਾਇਤਾਂ ਲਈ ਇੱਕ ਹੈਲਪ-ਲਾਈਨ ਨੰਬਰ 84275-66323 ਜਾਰੀ ਕੀਤਾ ਗਿਆ ਹੈ। ਇਹ ਹੈਲਪ-ਲਾਈਨ ਨੰਬਰ ਹਫ਼ਤੇ ਦੇ ਸਾਰੇ ਦਿਨ ਅਤੇ 24 ਘੰਟੇ ਕੰਮ ਕਰੇਗਾ।
ਸੀਵਰੇਜ ਬੋਰਡ ਦੇ ਐੱਸ.ਡੀ.ਓ. ਗੁਰਜਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਅਮੁਰਤ ਯੋਜਨਾ ਤਹਿਤ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਰਸਤੇ ਨਗਰ ਕੀਰਤਨ ਨੇ ਲੰਘਣਾ ਹੈ ਓਨਾਂ ਰਸਤਿਆਂ ਵਿੱਚ ਸੀਵਰੇਜ ਦਾ ਕੰਮ ਅਗਲੇ ਹਫ਼ਤੇ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੀਵਰੇਜ ਬੋਰਡ ਵੱਲੋਂ ਬਟਾਲਾ ਸ਼ਹਿਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਤਹਿਤ ਸੀਵਰੇਜ ਦੇ ਸਾਰੇ ਮੇਨ ਹੋਲ ਚੈੱਕ ਕੀਤੇ ਜਾ ਰਹੇ ਹਨ ਅਤੇ ਟੁੱਟੇ ਜਾਂ ਬਿਨ੍ਹਾਂ ਢੱਕਣ ਵਾਲੇ ਸੀਵਰੇਜ ਹੋਲਸ ’ਤੇ ਢੱਕਣ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਕਿਸੇ ਗਲੀ, ਮੁਹੱਲੇ ਵਿੱਚ ਸੀਵਰੇਜ ਹੌਦੀ/ਸਲੈਬ ਦਾ ਕੋਈ ਢੱਕਣ ਖੁੱਲ੍ਹਾ ਜਾਂ ਟੁੱਟਾ ਪਾਇਆ ਜਾਂਦਾ ਹੈ ਤਾਂ ਸ਼ਹਿਰ ਵਾਸੀ ਤੁਰੰਤ ਇਸਦੀ ਜਾਣਕਾਰੀ ਸੀਵਰੇਜ ਬੋਰਡ ਦੇ ਹੈਲਪ ਲਾਈਨ ਨੰਬਰ 84275-66323 ’ਤੇ ਨੋਟ ਕਰਵਾਉਣ। ਇਸਦੇ ਨਾਲ ਹੀ ਕਿਤੇ ਸੀਵਰੇਜ ਦੀ ਲੀਕੇਜ ਜਾਂ ਸਫ਼ਾਈ ਹੋਣ ਵਾਲੀ ਹੈ ਤਾਂ ਉਹ ਵੀ ਹੈਲਪ ਲਾਈਨ ਨੰਬਰ ’ਤੇ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਨੰਬਰ ’ਤੇ ਕਾਲ ਅਤੇ ਵਟਸਐਪ ਮੈਸਜ ਵੀ ਕੀਤਾ ਜਾ ਸਕਦਾ ਹੈ। ਐੱਸ.ਡੀ.ਓ. ਗੁਰਜਿੰਦਰ ਸਿੰਘ ਨੇ ਕਿਹਾ ਕਿ ਹੈਲਪ ਲਾਈਨ ’ਤੇ ਆਈਆਂ ਸਾਰੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ।