ਬਰਮਿੰਘਮ ਕਾਮਨਵੈਲਥ ਖੇਡਾਂ: ਭਾਰਤੀ ਅਥਲੀਟਾਂ ਲਈ ਸੁਨਹਿਰੀ ਦਿਨ
ਨਵਦੀਪ ਸਿੰਘ ਗਿੱਲ
ਬਰਮਿੰਘਮ, ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਭਾਰਤੀ ਅਥਲੀਟਾਂ ਲਈ ਅੱਜ ਸੁਨਹਿਰੀ ਦਿਨ ਰਿਹਾ। ਪੁਰਸ਼ਾਂ ਦੀ ਤੀਹਰੀ ਛਾਲ ਵਿੱਚ ਭਾਰਤੀ ਅਥਲੀਟਾਂ ਦਾ ਦਬਦਬਾ ਰਿਹਾ। ਇਸ ਈਵੈਂਟ ਵਿੱਚ ਭਾਰਤ ਦੇ ਐਲਡੌਸ ਪਾਲ ਨੇ 17.03 ਮੀਟਰ ਛਾਲ ਨਾਲ ਸੋਨੇ ਅਤੇ ਭਾਰਤ ਦੇ ਹੀ ਅਬਦੁੱਲਾ ਨੇ 17.02 ਮੀਟਰ ਛਾਲ ਨਾਲ ਚਾਂਦੀ ਦਾ ਤਮਗਾ ਜਿੱਤਿਆ। ਇਕ ਹੋਰ ਭਾਰਤੀ ਅਥਲੀਟ ਪ੍ਰਵੀਨ 16.89 ਮੀਟਰ ਛਾਲ ਨਾਲ ਚੌਥੇ ਸਥਾਨ ਉੱਤੇ ਰਿਹਾ। 7 ਅਗਸਤ ਭਾਰਤੀ ਅਥਲੈਟਿਕਸ ਇਕ ਸਾਲ ਬਾਅਦ ਫੇਰ ਖੁਸ਼ੀ ਵਾਲੀ ਖ਼ਬਰ ਲੈ ਕੇ ਆਇਆ। ਪਿਛਲੇ ਸਾਲ ਅੱਜ ਦੇ ਹੀ ਦਿਨ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਗੋਲ਼ਡ ਮੈਡਲ ਜਿੱਤਿਆ ਸੀ।
ਤੀਹਰੀ ਛਾਲ ਵਿੱਚ ਭਾਰਤ ਨੇ 48 ਸਾਲ ਬਾਅਦ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਹੈ। ਭਾਰਤ ਦੇ ਸਟਾਰ ਜੰਪਰ ਮੋਹਿੰਦਰ ਸਿੰਘ ਗਿੱਲ ਨੇ ਕਾਮਨਵੈਲਥ ਖੇਡਾਂ ਵਿੱਚ ਕ੍ਰਾਈਸਟਰਚਰਚ 1974 ਵਿੱਚ ਚਾਂਦੀ (ਇਸ ਦੀ ਅਨੋਖੀ ਕਹਾਣੀ ਅਗਲੀ ਪੋਸਟ ਵਿੱਚ ਲਿਖਾਂਗਾ) ਤੇ 1970 ਐਡਿਨਬਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ। ਅਰਪਿੰਦਰ ਸਿੰਘ ਨੇ 2014 ਗਲਾਸਗੋ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ।
ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਐਲਡੌਸ ਪਾਲ ਗੋਲਡ ਮੈਡਲ ਜਿੱਤਣ ਵਾਲਾ ਛੇਵਾਂ ਭਾਰਤੀ ਅਥਲੀਟ ਬਣ ਗਿਆ। ਕਾਮਨਵੈਲਥ ਖੇਡਾਂ ਵਿੱਚ ਮਿਲਖਾ ਸਿੰਘ ਨੇ 1958 ਕਾਰਡਿਫ ਵਿਖੇ 440 ਗਜ਼ ਦੌੜ, 2010 ਨਵੀਂ ਦਿੱਲੀ ਵਿਖੇ ਮਨਜੀਤ ਕੌਰ, ਮਨਦੀਪ ਕੌਰ, ਅਸ਼ਵਨੀ ਤੇ ਸਿਨੀ ਜੋਸ ਦੀ ਮਹਿਲਾ 4X400 ਰਿਲੇਅ ਟੀਮ ਅਤੇ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਥਰੋਅ (ਉਦੋਂ ਇਸ ਈਵੈਂਟ ਵਿੱਚ ਭਾਰਤ ਨੇ ਤਮਗਿਆਂ ਉੱਤੇ ਹੂੰਝਾ ਫੇਰਿਆ ਸੀ, ਹਰਵੰਤ ਕੌਰ ਨੇ ਚਾਂਦੀ ਤੇ ਸੀਮਾ ਪੂਨੀਆ ਨੇ ਕਾਂਸੀ ਜਿੱਤੀ ਸੀ।), 2014 ਗਲਾਸਗੋ ਵਿਖੇ ਵਿਕਾਸ ਗੌੜਾ ਨੇ ਡਿਸਕਸ ਥਰੋਅ ਅਤੇ 2018 ਗੋਲਡ ਕੋਸਟ ਵਿਖੇ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਜਿੱਤੇ ਸਨ।
ਅਥਲੈਟਿਕਸ ਵਿੱਚ ਭਾਰਤ ਲਈ ਇਕ ਹੋਰ ਮੈਡਲ ਸੰਦੀਪ ਕੁਮਾਰ ਨੇ ਜਿੱਤਿਆ। ਸੰਦੀਪ ਨੇ 10,000 ਮੀਟਰ ਪੈਦਲ ਤੋਰ ਵਿੱਚ 38.49.21 ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਲਈ ਦਿਨ ਦਾ ਚੌਥਾ ਅਥਲੈਟਿਕਸ ਮੈਡਲ ਅਨੂ ਰਾਣੀ ਨੇ ਜਿੱਤਿਆ। ਅਨੂ ਰਾਣੀ ਨੇ ਮਹਿਲਾ ਜੈਵਲਿਨ ਥਰੋਅ ਵਿੱਚ 60 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ।
ਅਥਲੈਟਿਕਸ ਵਿੱਚ ਭਾਰਤ ਨੇ ਬਰਮਿੰਘਮ ਵਿਖੇ ਹੁਣ ਤੱਕ 8 ਮੈਡਲ ਜਿੱਤੇ ਹਨ। 1 ਸੋਨੇ, 4 ਚਾਂਦੀ ਤੇ 3 ਕਾਂਸੀ ਦੇ ਤਮਗੇ।
ਨਵਦੀਪ ਸਿੰਘ ਗਿੱਲ