ਗਰਮੀ ਤੋਂ ਮਿਲੇਗੀ ਰਾਹਤ ਠੰਡੀਆਂ ਹਵਾਵਾਂ ਨਾਲ ਪੰਜਾਬ ਚ ਤੇਜ਼ ਮੀਂਹ ਪੈਣ ਦੀ ਸੰਭਾਵਨਾ
ਜਗਤਾਰ ਸਿੰਘ,ਬਾਬੂਸ਼ਾਹੀ ਨੈਟਵਰਕ
ਪਟਿਆਲਾ 29 ਜੂਨ 2022 : ਪੰਜਾਬ ਵਿਚ ਅਗਲੇ 48 ਘੰਟੇ ਵਿਚਾਲੇ ਮੌਨਸੂਨ ਆ ਸਕਦਾ ਹੈ। ਮੌਸਮ ਵਿਭਾਗ ਕੇਂਦਰ ਚੰਡੀਗਡ਼੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪਹਿਲਾਂ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਮੌਨਸੂਨ ਦੋ ਜੁਲਾਈ ਤੋਂ ਬਾਅਦ ਆਵੇਗਾ ਪਰ ਮੌਜੂਦਾ ਸਮੇਂ ਜਿਸ ਤਰ੍ਹਾਂ ਦੀ ਕੰਡੀਸ਼ਨ ਬਣੀ ਹੋਈ ਹੈ, ਉਸ ਮੁਤਾਬਕ ਸਮੇਂ ’ਤੇ ਮੌਨਸੂਨ ਪੰਜਾਬ ਆ ਜਾਵੇਗਾ। 29 ਜੂਨ ਤੋਂ ਪੰਜਾਬ ਵਿਚ ਪ੍ਰੀ-ਮੌਨਸੂਨ ਵਰ੍ਹੇਗਾ।
ਇਸ ਵਾਰ ਜੁਲਾਈ ਵਿਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਰੋਪਡ਼, ਹੁਸ਼ਿਆਰਪੁਰ ਵਿਚ ਕਈ ਥਾਵਾਂ ’ਤੇ ਗਰਜ ਨਾਲ ਛਿੱਟਾਂ, ਬੂੰਦਾਬਾਂਦੀ ਅਤੇ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਲੌਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਅਨੁਸਾਰ 6 ਜੁਲਾਈ ਤੱਕ ਮੌਨਸੂਨ ਸਾਰੇ ਦੇਸ਼ ਨੂੰ ਕਵਰ ਕਰ ਲਏਗਾ । ਇਸ ਦੌਰਾਨ ਬੱਦਲ ਛਾਏ ਰਹਿਣਗੇ ਅਤੇ ਠੰਡੀਆਂ ਹਵਾਵਾਂ ਦੇ ਨਾਲ ਬਾਰਿਸ਼ ਵੀ ਹੋਵੇਗੀ ।