ਹੁਸ਼ਿਆਰਪੁਰ: ਬਾਰ੍ਹਵੀਂ ਬੋਰਡ ਦੀ ਜਮਾਤ ਵਿੱਚ ਜ਼ਿਲ੍ਹੇ ਦਾ ਨਤੀਜਾ ਰਿਹਾ 98 ਫੀਸਦੀ, 18922 ਵਿਦਿਆਰਥੀ ਹੋਏ ਪਾਸ
- ਮੈਰਿਟ ਸੂਚੀ 36 ਵਿਦਿਆਰਥੀਆਂ ਨੇ ਕੀਤਾ ਨਾਮ ਦਰਜ: ਗੁਰਸ਼ਰਨ ਸਿੰਘ
ਹੁਸ਼ਿਆਰਪੁਰ, 28 ਜੂਨ 2022 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਬਾਰ੍ਹਵੀਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ ਜਿਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ 98 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਅਤੇ 36 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕੀਤਾ। ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਨੇ ਦੱਸਿਆ ਕਿ ਜਿਲ੍ਹੇ ਦੇ 19309 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚ 18922 ਵਿਦਿਆਰਥੀ ਪਾਸ ਹੋਏ।
ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ 18 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕਰਕੇ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ ਜਿਸ ਲਈ ਸਕੂਲ ਦੇ ਮੁਖੀ ਪ੍ਰਿੰ. ਰਾਜੇਸ਼ ਸਿੰਘ ਦੇ ਸਟਾਫ਼ ਮੈਂਬਰ ਵਧਾਈ ਦੇ ਹੱਕਦਾਰ ਹਨ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਤਲਵਾੜਾ ਦੀਆਂ 10 ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕੀਤਾ ਜਿਸ ਲਈ ਪ੍ਰਿੰ. ਗੁਰਾਂ ਦਾਸ ਅਤੇ ਸਟਾਫ਼ ਦਾ ਕੰਮ ਕਾਬਿਲੇ ਤਾਰੀਫ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਨਾਲ ਜਿਲ੍ਹੇ ਦਾ ਨਾਮ ਪੂਰੇ ਸੂਬੇ ਵਿੱਚ ਰੌਸ਼ਨ ਹੋਇਆ ਹੈ ਅਤੇ ਪੰਜਾਬ ਵਿੱਚ ਚੌਥੇ ਪਾਇਦਾਨ ਤੇ ਜਗ੍ਹਾ ਬਣਾਈ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਨੇ ਮੈਰਿਟ ਸੂਚੀ ਵਿੱਚ 2 ਸਥਾਨ ਕੀਤੇ ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਂਗਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਟਾਂਡਾ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਇੱਕ-ਇੱਕ ਸਥਾਨ ਹਾਸਿਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੈਰਿਟ ਸੂਚੀ ਵਿੱਚ ਆਉਣ ਵਾਲੇ ਸਾਰੇ ਹੀ ਵਿਦਿਆਰਥੀ, ਉਨ੍ਹਾਂ ਦੇ ਅਧਿਆਪਕ ਅਤੇ ਮਾਪੇ ਵਧਾਈ ਦੇ ਪਾਤਰ ਹਨ। ਇਸ ਮੌਕੇ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਤੋਂ ਇਲਾਵਾ ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ, ਪ੍ਰਿੰ. ਜਤਿੰਦਰ ਸਿੰਘ ਸਮਾਰਟ ਸਕੂਲ ਕੁਆਡੀਨੇਟਰ, ਡੀ. ਐਮ. ਸਮੇਤ ਹੋਰ ਅਧਿਕਾਰੀਆਂ ਵੱਲੋਂ ਇਸ ਮਾਣਮੱਤੀ ਪ੍ਰਾਪਤੀ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।