ਜਲੰਧਰ ’ਚ ਈ-ਵਾਹਨ ਸੁਵਿਧਾ ਕੇਂਦਰਾਂ ਦੇ ਸੰਚਾਲਨ ਲਈ 22 ਨੌਜਵਾਨਾਂ ਦੀ ਚੋਣ
ਜਲੰਧਰ, 28 ਜੂਨ 2022 - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵੱਲੋਂ ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਈ-ਵਾਹਨ ਸੁਵਿਧਾ ਕੇਂਦਰਾਂ ਦੀ ਅਲਾਟਮੈਂਟ ਲਈ 22 ਨੌਜਵਾਨਾਂ ਦੀ ਚੋਣ ਕੀਤੀ ਗਈ।
ਇਸ ਸਬੰਧੀ ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਜਸਵੰਤ ਰਾਏ ਅਤੇ ਰੋਜ਼ਗਾਰ ਉਤਪਤੀ ਅਫ਼ਸਰ ਰਣਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸਵੈ-ਰੋਜ਼ਗਾਰ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਵੀਕੇਅਰ ਰਿਟੇਲ ਵੈਂਚਰਜ਼ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ 37 ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 22 ਦੀ ਕੰਪਨੀ ਵੱਲੋਂ ਜ਼ਿਲ੍ਹੇ ਵਿੱਚ ਈ-ਵਾਹਨ ਸੁਵਿਧਾ ਕੇਂਦਰ ਚਲਾਉਣ ਲਈ ਚੋਣ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਈ-ਸੁਵਿਧਾ ਕੇਂਦਰਾਂ ਵੱਲੋਂ ਲੋਕਾਂ ਨੂੰ ਆਨਲਾਈਨ ਪ੍ਰਦੂਸ਼ਣ ਜਾਂਚ, ਵਾਹਨ ਬੀਮਾ, ਸੜਕ ਕਿਨਾਰੇ ਸਹਾਇਤਾ, ਫਾਸਟ-ਟੈਗ, ਪਾਣੀ ਰਹਿਤ ਕਾਰ ਵਾਸ਼, ਡਰਾਈਵਰ ਆਨ ਕਾਲ ਆਦਿ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕੇਂਦਰ 50-50 ਭਾਈਵਾਲੀ ਅਤੇ ਮੁਨਾਫਾ ਵੰਡ ਮਾਡਲ ਤਹਿਤ ਸਥਾਪਤ ਕੀਤੇ ਜਾਣਗੇ।