ਜ਼ਿਲ੍ਹੇ ’ਚ ਉਦਯੋਗਾਂ ਦੀ ਮੰਗ ਦੇ ਹਿਸਾਬ ਨਾਲ ਕਰਵਾਏ ਜਾਣਗੇ ਸਕਿੱਲ ਕੋਰਸ- ਡੀ.ਸੀ. ਰੰਧਾਵਾ
ਨਵਾਂਸ਼ਹਿਰ, 27 ਜੂਨ, 2022:
ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਸਕਿੱਲ ਕਮੇਟੀ ਦੀ ਮੀਟਿੰਗ ਵਿੱਚ ਕਿਹਾ ਕਿ ਜ਼ਿਲ੍ਹੇ ਵਿੱਚ ਸਨਅਤ ਦੀ ਮੰਗ ਦੇ ਹਿਸਾਬ ਨਾਲ ਸਕਿੱਲ ਕੋਰਸ ਕਰਵਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਹੋਸਕਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਸਕਿੱਲ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਜੀ ਨੇ ‘ਸਕਿੱਲ ਗੈੱਪ’ ਦੇ ਮੁੱਦੇ ’ਤੇ ਮੀਟਿੰਗ ’ਚ ਹਾਜ਼ਰ ਸਨਅਤੀ ਪ੍ਰਤੀਨਿਧਾਂ ਅਤੇ ਜ਼ਿਲ੍ਹਾ ਸਕਿੱਲ ਕਮੇਟੀ ਦੇ ਮੈਂਬਰਾਂ ਨਾਲ ਜ਼ਿਲ੍ਹੇ ਦੇ ਵੱਖ-ਵੱਖ ਤਰੀਕਿਆਂ ਨਾਲ ‘ਸਕਿੱਲ ਦੀ ਲੋੜ’ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪੰਜਾਬ ਸਕਿਲ ਵਿਕਾਸ ਮਿਸ਼ਨ ਦੇ ਸਥਾਨਕ ਅਧਿਕਾਰੀਆਂ ਨੂੰ ਇਸ ਦੀ ਮੰਗ ਅਨੁਸਾਰ ਜ਼ਿਲ੍ਹੇ ਵਿੱਚ ਵੱਖ-ਵੱਖ ਸਕਿੱਲ ਕੋਰਸ ਚਲਾਉਣ ਦੀ ਹਦਾਇਤ ਕੀਤੀ। ਡੀ.ਸੀ. ਰੰਧਾਵਾ ਵੱਲੋਂ ਇੰਡਸਟਰੀ ਨੂੰ ਖੁਦ ‘ਟ੍ਰੇਨਿੰਗ ਪਾਰਟਨਰ’ ਬਣ ਕੇ ਆਪਣੀ ਇੰਡਸਟਰੀ ਵਿੱਚ ਹੀ ਆਪਣੀ ਲੋੜ ਅਨੁਸਾਰ ਮੁਫ਼ਤ ਕੋਰਸ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਇਸ ਸਬੰਧੀ ਸਾਰਾ ਖਰਚਾ ‘ਪੰਜਾਬ ਸਕਿੱਲ ਡਿਵਲੈਪਮੈਂਟ ਮਿਸ਼ਨ’ ਵੱਲੋ ਕੀਤਾ ਜਾਵੇਗਾ।
ਉਨ੍ਹਾਂ ਸਨਅਤ ਦੀ ਲੋੜ ਮੁਤਾਬਕ ਹੁਨਰ ਵਿਕਾਸ ਕੋਰਸ ਸ਼ੁਰੂ ਕਰਵਾਉਣ ਲਈ ਜ਼ਿਲ੍ਹੇ ਦੀਆਂ ਪ੍ਰਮੁੱਖ ਉਦਯੋਗਿਕ ਇਕਾਇਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਅਗਲੇ ਹਫ਼ਤੇ ਕਰਵਾਉਣ ਦੀ ਵੀ ਹਦਾਇਤ ਕੀਤੀ। ਜ਼ਿਲ੍ਹਾ ਸਕਿੱਲ ਕਮੇਟੀ ਦੀ ਇਸ ਮੀਟਿੰਗ ਵਿੱਚ ਜ਼ਿਲ੍ਹਾ ਰੋਜਗਾਰ ਅਫਸਰ ਸੰਜੀਵ ਕੁਮਾਰ, ਹੈਲਥ ਕੈਪ ਇੰਡਸਟਰੀ ਵੱਲੋਂ ਜਸਵਿੰਦਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰੀਕ ਸਿੰਘ, ਲੇਬਰ ਅਫਸਰ ਰਣਦੀਪ ਸਿੰਘ ਸਿੱਧੂ, ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਜ਼ਿਲ੍ਹਾ ਫੰਕਸ਼ਨਲ ਮੈਨੇਜਰ, ਤਹਿਸੀਲ ਵੈਲਫ਼ੇਅਰ ਅਫਸਰ, ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫ਼ਸਰ ਦਵਿੰਦਰ ਸ਼ਰਮਾ ਅਤੇ ਪੀ.ਐਸ.ਡੀ.ਐਮ. ਵੱਲੋਂ ਰਾਜ ਕੁਮਾਰ ਤੇ ਸ਼ਮੀ ਠਾਕੁਰ ਮੌਜੂਦ ਸਨ।